ਰਾਹੋਂ, 5 ਮਾਰਚ (ਉਂਕਾਰ ਸਿੰਘ ਰਾਠੋਰ)-ਐੱਸ. ਐੱਚ. ਓ ਵਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਕੱਲ੍ਹ ਰਾਹੋਂ ਦੀ ਪੁਲਿਸ ਵਲੋਂ 6.9 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਉਨ੍ਹਾਂ ਆਖਿਆ ਕਿ ਪੁਲਿਸ ਪਾਰਟੀ ਜਦੋਂ ਥਾਣਾ ਰਾਹੋਂ ਤੋਂ ਬਿਸਤ ਦੁਆਬ ਨਹਿਰ ਦੇ ਨਾਲ-ਨਾਲ ਪਿੰਡ ਕੋਟ ਰਾਂਝਾ, ਛੋਕਰਾਂ ਅਤੇ ਸਹਿਬਾਜਪੁਰ ਹੈੱਡ ਤੋਂ ਹੁੰਦੇ ਹੋਏ ਪਿੰਡ ਸੋਇਤਾ ਵੱਲ ਨੂੰ ਮੁੜਨ ਲੱਗੇ ਤਾਂ ਉੱਥੇ ਗੱਡੀ ਦੀਆਂ ਲਾਇਟਾਂ 'ਚ ਦੋ ਮੋਨੇ ਵਿਅਕਤੀ ਦਿਖਾਈ ਦਿੱਤੇ, ਸ਼ੱਕ ਦੇ ਅਧਾਰ 'ਤੇ ਉਹਨਾਂ ਕੋਲੋਂ ਤਲਾਸ਼ੀ ਲੈਣ ਉਪਰੰਤ 6.9 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਪੁਲਿਸ ਪਾਰਟੀ ਵਲੋਂ ਉਨ੍ਹਾਂ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ | ਥਾਣਾ ਮੁਖੀ ਨੇ ਆਖਿਆ ਕਿ ਦੋਵੇ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਿਹਨਾਂ ਦੀ ਪਹਿਚਾਣ ਬਲਜਿੰਦਰ ਸਿੰਘ ਉਰਫ ਗੁੱਲੂ ਪੁੱਤਰ ਦਿਆਲ ਚੰਦ ਵਾਸੀ ਪਿੰਡ ਸੋਇਤਾ ਅਤੇ ਦੂਜੇ ਦੀ ਪਹਿਚਾਣ ਦਲਜੀਤ ਸਿੰਘ ਉਰਫ ਰਾਜੂ ਪੁੱਤਰ ਸਤਨਾਮ ਸਿੰਘ ਵਾਸੀ ਉਸਮਾਨਪੁਰ, ਥਾਣਾ ਰਾਹੋਂ ਵਜੋਂ ਹੋਈ ਹੈ | ਥਾਣਾ ਮੁਖੀ ਨੇ ਆਖਿਆ ਕਿ ਇਨ੍ਹਾਂ ਦੋਵੇ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਤਫ਼ਤੀਸ਼ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ | ਇਸ ਮੌਕੇ ਪੁਲਿਸ ਪਾਰਟੀ ਮੌਜੂਦ ਸੀ |