ਨਵਾਂਸ਼ਹਿਰ, 8 ਮਾਰਚ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੇ ਸਲੋਹ ਰੋਡ 'ਤੇ ਸਥਿਤ ਵਿਪਰੇਸ਼ਾ ਜੈਨ ਪ੍ਰੀ-ਨੇਚਰ ਸਕੂਲ ਵਿਖੇ ਇੱਕ ਸਾਦਾ ਸਮਾਗਮ ਕਰਵਾਇਆ ਗਿਆ, ਜੋ ਕਿ ਦੋਆਬਾ ਸੇਵਾ ਸਮਿਤੀ ਦੇ ਸੰਸਥਾਪਕ ਬਾਬਾ ਨੌਬਤ ਰਾਏ ਦੀ ਪ੍ਰੇਰਨਾ ਹੇਠ ਚਲਾਇਆ ਜਾ ਰਿਹਾ ਹੈ | ਜੈਨ ਮਹਿਲਾ ਸੰਘ ਮੰਤਰੀ ਤਿ੍ਪਤਾ ਜੈਨ ਅਤੇ ਰੇਖਾ ਜੈਨ ਮੁੱਖ ਮਹਿਮਾਨ ਸਨ | ਇਸ ਮੌਕੇ ਦੋਆਬਾ ਸੇਵਾ ਸਮਿਤੀ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਇਹ ਸਕੂਲ ਪਿਛਲੇ 20 ਸਾਲਾਂ ਤੋਂ ਵਿਪਰੇਸ਼ਾ ਜੈਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਗਾਜ਼ੀਆਬਾਦ ਨਿਵਾਸੀ ਆਰ. ਕੇ. ਜੈਨ, ਗੁੱਡਵਿਲ ਜੈਨ ਅਤੇ ਰਜਨੀਸ਼ ਜੈਨ ਗੁੱਗੂ ਦੀ ਪਤਨੀ ਰੇਖਾ ਜੈਨ ਦੇ ਸਹਿਯੋਗ ਨਾਲ ਚੱਲ ਰਿਹਾ ਹੈ | ਅੱਜ ਰੇਖਾ ਜੈਨ, ਗੁੱਡਵਿਲ ਜੈਨ ਅਤੇ ਆਰ.ਕੇ. ਜੈਨ ਦੇ ਸਹਿਯੋਗ ਨਾਲ ਬੱਚਿਆਂ ਨੂੰ 25 ਕੁਰਸੀਆਂ, ਬਲੈਕਬੋਰਡ, ਸਟੇਸ਼ਨਰੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵੰਡੀਆਂ ਗਈਆਂ | ਸਮਾਗਮ ਵਿੱਚ ਮੁੱਖ ਮਹਿਮਾਨ, ਜੈਨ ਮਹਿਲਾ ਸੰਘ, ਨਵਾਂਸ਼ਹਿਰ ਦੀ ਮੰਤਰੀ ਸ਼੍ਰੀਮਤੀ ਤਿ੍ਪਤਾ ਜੈਨ ਤੇ ਰੇਖਾ ਜੈਨ ਨੇ ਕਿਹਾ ਕਿ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਸਾਰਿਆਂ ਦਾ ਫਰਜ਼ ਹੈ | ਇਸ ਮੌਕੇ ਸਮਾਜ ਸੇਵਕ ਰਤਨ ਕੁਮਾਰ ਜੈਨ, ਸੈਂਟਰ ਅਧਿਆਪਕਾ ਬਲਬੀਰ ਕੌਰ ਅਤੇ ਅਮਨਦੀਪ ਕੌਰ ਨੇ ਦਾਨੀ ਲੋਕਾਂ ਦਾ ਧੰਨਵਾਦ ਕੀਤਾ | ਰਤਨ ਜੈਨ ਨੇ ਕਿਹਾ ਕਿ ਸ਼੍ਰੀ ਬਬਲੂ ਦੀ ਮਦਦ ਨਾਲ ਲੋੜਵੰਦ ਪਰਿਵਾਰਾਂ ਨੂੰ ਕੰਬਲ ਅਤੇ ਗਰਮ ਕੱਪੜੇ ਵੀ ਦਿੱਤੇ ਗਏ | ਰਤਨ ਜੈਨ ਨੇ ਕਿਹਾ ਕਿ ਇਹ ਸਕੂਲ 20 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਜਦੋਂ ਵਿਪਰੇਸ਼ਾ ਖੁਦ ਪੰਜਵੀਂ ਜਮਾਤ ਵਿਚ ਸੀ ਆਪਣੇ ਪਿਤਾ ਦੇ ਤਬਾਦਲੇ ਤੋਂ ਬਾਅਦ, ਦੋਆਬਾ ਸੇਵਾ ਸਮਿਤੀ ਇਸ ਸਕੂਲ ਨੂੰ ਚਲਾ ਰਹੀ ਹੈ | ਇਸ ਮੌਕੇ ਦੋਆਬਾ ਸੇਵਾ ਸਮਿਤੀ ਦੇ ਮੁਖੀ ਡਾ. ਜਸਵਿੰਦਰ ਸਿੰਘ, ਮਾ. ਹੁਸਨ ਲਾਲ, ਅਸ਼ੋਕ ਸ਼ਰਮਾ, ਗੁਰਦੀਪ ਸਿੰਘ ਹਾਫਿਜ਼ਾਬਾਦੀ, ਸੁਭਾਸ਼ ਅਰੋੜਾ, ਬਲਬੀਰ ਕੌਰ, ਅਮਨਦੀਪ ਕੌਰ ਤੇ ਬੱਚੇ ਮੌਜੂਦ ਸਨ |