ਬੰਗਾ, 10 ਮਾਰਚ (ਧਰਮਵੀਰ ਪਾਲ)-ਬੰਗਾ ਦੇ ਮੁਕੰਦਪੁਰ ਰੋਡ 'ਤੇ ਸਥਿੱਤ ਮਹਿੰਦਰਾ ਹਸਪਤਾਲ ਦੇ ਬਾਹਰ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਅਨੁਸਾਰ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਹਸਪਤਾਲ ਦੇ ਬਾਹਰ 2 ਤੋਂ 3 ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ | ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਜਾਣਕਾਰੀ ਮੁਤਾਬਕ ਇਸ ਮਾਮਲੇ ਨੂੰ ਧਮਕੀ ਅਤੇ ਫਿਰੌਤੀ ਦੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਹਸਪਤਾਲ ਦੇ ਮਾਲਕ ਡਾ. ਉਂਕਾਰ ਸਿੰਘ ਵੱਲੋਂ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਕਿਸੇ ਵਿਅਕਤੀ ਵਲੋਂ ਮੋਬਾਈਲ ਫ਼ੋਨ ਰਾਹੀਂ ਉਨ੍ਹਾਂ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ | ਇਸ ਸਬੰਧੀ ਪੁਲਿਸ ਵੱਲੋਂ ਕੇਸ ਵੀ ਦਰਜ ਕੀਤਾ ਗਿਆ ਸੀ | ਸੋਮਵਾਰ ਸਵੇਰੇ ਵਾਪਰੀ ਫਾਇਰਿੰਗ ਦੀ ਘਟਨਾ ਦੌਰਾਨ ਇਕ ਗੋਲੀ ਹਸਪਤਾਲ ਦੇ ਦਰਵਾਜ਼ੇ ਨੂੰ ਚੀਰਦੀ ਹੋਈ ਅੰਦਰਲੇ ਰਿਸੈਪਸ਼ਨ ਕਾਊਾਟਰ ਦੀ ਕੰਧ 'ਤੇ ਜਾ ਲੱਗੀ | ਹਾਲਾਂਕਿ ਉਸ ਸਮੇਂ ਰਿਸੈਪਸ਼ਨ 'ਤੇ ਕੋਈ ਵੀ ਮੌਜੂਦ ਨਾ ਹੋਣ ਕਰਕੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ | ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਸਬ ਡਿਵੀਜ਼ਨ ਬੰਗਾ ਦੇ ਡੀ.ਐੱਸ.ਪੀ. ਹਰਜੀਤ ਸਿੰਘ ਰੰਧਾਵਾ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਇਲਾਕੇ ਦੀਆਂ ਸੀ.ਸੀ.ਟੀ.ਵੀ. ਫੁਟੇਜ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜਿੱਥੇ-ਜਿੱਥੇ ਗੋਲੀਆਂ ਲੱਗੀਆਂ ਹਨ ਉਨ੍ਹਾਂ ਨਿਸ਼ਾਨਾਂ ਨੂੰ ਵੀ ਮਾਰਕ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ |
ਬੰਗਾ 'ਚ ਇਕ ਹਸਪਤਾਲ ਦੇ ਬਾਹਰ ਫਾਇਰਿੰਗ <br/>
ਅਜੀਤ ਡੈਸਕ
11-03-2026