ਨਵਾਂਸ਼ਹਿਰ, 2 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਮੈਜਿਸਟ੍ਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਇਸ ਦੇ ਨਾਲ ਹੀ ਉਨ੍ਹਾਂ ਕਣਕ ਦੀ ਕਟਾਈ ਵਾਲੀਆਂ ਕੰਬਾਇਨਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਹਾਰਵੈਸਟਰ ਕੰਬਾਇਨ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੀ ਖੇਤੀਬਾੜੀ ਵਿਭਾਗ ਰਾਹੀਂ ਮਸ਼ੀਨ ਦੀ ਇੰਸਪੈਕਾਨ ਲਾਜ਼ਮੀ ਕਰਵਾਉਣ ਅਤੇ ਕੋਈ ਵੀ ਕੰਬਾਇਨ ਹਾਰਵੈਸਟਰ ਸੁਪਰ ਐੱਸ. ਐੱਮ. ਐੱਸ. ਲਗਾਏ ਬਗੈਰ ਨਾ ਵਰਤੀ ਜਾਵੇ | ਜਾਰੀ ਹੁਕਮਾਂ ਅਨੁਸਾਰ ਕਣਕ ਨੂੰ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ ਤੇ ਕੰਬਾਇਨਾਂ ਰਾਤ ਵੇਲੇ ਤਰੇਲ ਪੈਣ ਕਾਰਨ ਗਿੱਲੀ ਹੋਈ ਕਣਕ ਨੂੰ ਕੱਟ ਦਿੰਦੀਆਂ ਹਨ | ਇਸ ਤਰ੍ਹਾਂ ਕਣਕ ਵਿਚ ਨਮੀ ਹੋਣ ਕਰਕੇ ਸਰਕਾਰ ਦੇ ਨਿਰਧਾਰਤ ਮਾਪਦੰਡਾਂ ਤੋਂ ਵੱਧਣ ਦੀ ਸੰਭਾਵਨਾ ਹੁੰਦੀ ਹੈ | ਅਜਿਹੀ ਕਣਕ ਖਰੀਦ ਏਜੰਸੀਆਂ ਖਰੀਦਣ ਤੋਂ ਅਸਮਰੱਥ ਹੁੰਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਕਣਕ ਵੇਚਣ ਵਿਚ ਬਿਨਾਂ ਵਜ੍ਹਾ ਮੰਡੀਆਂ ਵਿਚ ਖੱਜਲ-ਖੁਆਰ ਹੋਣਾ ਪੈਂਦਾ ਹੈ ਜਿਸ ਕਰਕੇ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ | ਜ਼ਿਲ੍ਹਾ ਮੈਜਿਸਟਰੇਟ ਨੇ ਇਹ ਵੀ ਅਪੀਲ ਕੀਤੀ ਕਿ ਕਣਕ ਦੇ ਨਾੜ ਜਾਂ ਰਹਿੰਦ-ਖੂਹੰਦ ਨੂੰ ਅੱਗ ਨਾ ਲਾਈ ਜਾਵੇ |