ਨਵਾਂਸ਼ਹਿਰ/ਸਮੁੰਦੜਾ, 2 ਅਪ੍ਰੈਲ (ਜਸਬੀਰ ਸਿੰਘ ਨੂਰਪੁਰ, ਤੀਰਥ ਸਿੰਘ ਰੱਕੜ)-ਪਿੰਡ ਬਘੌਰਾਂ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਪਲਵਿੰਦਰ ਸਿੰਘ ਬਿੱਲਾ ਯੂ.ਐੱਸ.ਏ. ਦੇ ਵੱਡੇ ਯੋਗਦਾਨ ਸਦਕਾ, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 65ਵਾਂ ਸਾਲਾਨਾ ਓਪਨ ਅਤੇ ਆਲ ਓਪਨ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਓਪਨ ਤੇ ਆਲ ਓਪਨ ਦੀਆਂ 32 ਅਤੇ ਫੁੱਟਬਾਲ ਬੀ ਉਮਰ ਵਰਗ ਦੀਆਂ ਅੱਠ ਟੀਮਾਂ ਨੇ ਭਾਗ ਲਿਆ | ਅੱਠ ਦਿਨ ਚੱਲੇ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਨਾਮੀ ਫੁੱਟਬਾਲ ਕਲੱਬਾਂ ਤੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਵੀ ਫੁੱਟਬਾਲ ਦੇ ਤਕੜੇ ਜੌਹਰ ਦਿਖਾਏ | ਇਸ ਮੌਕੇ ਆਲ ਓਪਨ ਦੇ ਹੋਏ ਬੜੇ ਹੀ ਰੌਚਕ ਮੁਕਾਬਲੇ ਵਿੱਚ ਦਸ਼ਮੇਸ਼ ਕਲੱਬ ਬਘੌਰਾਂ ਦੀ ਟੀਮ ਨੇ ਲਵਲੀ ਯੂਨੀਵਰਸਿਟੀ ਦੀ ਟੀਮ ਨੂੰ 2-0 ਨਾਲ ਹਰਾ ਕੇ 341000 ਦਾ ਨਕਦ ਇਨਾਮ ਅਤੇ ਜੇਤੂ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ | ਉਪ ਜੇਤੂ ਟੀਮ ਨੂੰ ਟੂਰਨਾਮੈਂਟ ਪ੍ਰਬੰਧਕਾਂ ਵਲੋਂ 231000 ਦੀ ਨਗਦ ਰਾਸ਼ੀ ਅਤੇ ਉਪ ਜੇਤੂ ਟਰਾਫੀ ਦਿੱਤੀ ਗਈ | ਇਸੇ ਤਰ੍ਹਾਂ ਫੁੱਟਬਾਲ ਓਪਨ ਦੋ ਪਿੰਡਾਂ ਦੇ ਰਲ ਕੇ ਹੋਏ ਮੁਕਾਬਲਿਆਂ ਵਿੱਚ ਪਿੰਡ ਦੌਲਤਪੁਰ ਅਤੇ ਪਨਾਮ ਦੀ ਟੀਮ ਨੇ ਬਘੌਰਾਂ ਅਤੇ ਕਾਮਾਂ ਦੀ ਟੀਮ ਨੂੰ ਹਰਾ ਕੇ 70 ਹਜ਼ਾਰ ਦੇ ਨਕਦ ਇਨਾਮ ਅਤੇ ਟਰਾਫੀ ਹਾਸਲ ਕੀਤੀ | ਉਹ ਜੇਤੂ ਟੀਮ ਨੂੰ 40 ਹਜ਼ਾਰ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ | ਉਮਰ ਵਰਗ ਫੁੱਟਬਾਲ ਬੀ ਟੀਮਾਂ ਦੇ ਹੋਏ ਫਾਈਨਲ ਮੁਕਾਬਲੇ ਵਿੱਚ ਸਿੰਬਲੀ ਦੀ ਟੀਮ ਨੇ ਮਹਿਤਪੁਰ ਉਲੱਦਣੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਵਾਲੇ ਪਿੰਡ ਚੱਕ ਗੁਰੂ ਦੇ ਖਿਡਾਰੀ ਸਿਮਰਪ੍ਰੀਤ ਸਿੰਘ ਸਿੰਪੀ ਨੂੰ ਮੋਟਰਸਾਈਕਲ ਦੇ ਕੇ, ਸਾਬੂ ਡਾਂਡੀਆਂ ਨੂੰ ਸੋਨੇ ਦੀ ਮੁੰਦਰੀ, ਤਜਿੰਦਰ ਸਿੰਘ ਪਨਾਮ ਨੂੰ ਐੱਲ.ਈ.ਡੀ. ਮੰਨਾ ਕਾਹਮਾਂ ਨੂੰ ਫਰਿੱਜ ਅਤੇ ਗੋਪੀ ਬਘੋਰਾ ਨੂੰ ਵਾਸ਼ਿੰਗ ਮਸ਼ੀਨ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਪਿੰਡਾਂ 'ਚ ਹੁੰਦੇ ਫੁੱਟਬਾਲ ਤੇ ਕਬੱਡੀ ਦੇ ਮੁਕਾਬਲਿਆਂ ਲਈ ਪ੍ਰਵਾਸੀ ਭਾਰਤੀਆਂ ਦਾ ਵੱਡਾ ਯੋਗਦਾਨ ਹੈ | ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਮਾਨਦਾਰੀ ਦਾ ਨਾਅਰਾ ਲਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਭਿ੍ਸ਼ਟਾਚਾਰ ਵਿਚ ਫਸੇ ਹੋਏ ਇਮਾਨਦਾਰੀ ਨਾਲ ਕੰਮ ਕਰ ਰਹੇ ਵੱਖ-ਵੱਖ ਵਿਭਾਗਾਂ ਦੇ ਅਫ਼ਸਰਾਂ ਨੂੰ ਹੱਦੋਂ ਵੱਧ ਤੰਗ ਪ੍ਰੇਸ਼ਾਨ ਅਤੇ ਜਲੀਲ ਕਰਕੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ | ਉਹਨਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੇ ਸੂਝਵਾਨ ਲੋਕ ਭਗਵੰਤ ਮਾਨ ਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਪੂਰੀ ਤਰ੍ਹਾਂ ਨਾਲ ਮਨ ਬਣਾ ਚੁੱਕੇ ਹਨ | ਇਸ ਮੌਕੇ ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹੀਦ ਭਗਤ ਸਿੰਘ ਨਗਰ, ਦਿਨੇਸ਼ ਕੁਮਾਰ ਪ੍ਰਧਾਨ ਐਸ.ਸੀ ਵਿੰਗ, ਅਮਰੀਕ ਸਿੰਘ ਪ੍ਰਧਾਨ ਬੀ. ਸੀ. ਵਿੰਗ, ਡੈਨੀ ਅਟਵਾਲ ਯੂ. ਕੇ., ਸ਼ਮਿੰਦਰ ਸਿੰਘ ਅਟਵਾਲ ਯੂ.ਐਸ.ਏ, ਸ਼ਨੀ ਅਟਵਾਲ ਯੂ.ਐਸ.ਏ, ਜੁਝਾਰ ਸਿੰਘ ਪ੍ਰਧਾਨ ਦਸ਼ਮੇਸ਼ ਸਪੋਰਟਸ ਕਲੱਬ ਬਘੌਰਾਂ ਕੁਲਦੀਪ ਸਿੰਘ ਸਰਪੰਚ, ਹਰਪ੍ਰੀਤ ਸਿੰਘ, ਅਸ਼ਪਾਲ ਸਿੰਘ ਬਾਬਾ ਸਾਬਕਾ ਸਰਪੰਚ, ਹਰਨੇਕ ਸਿੰਘ ਬੜਵਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾ), ਭੁਪਿੰਦਰ ਸਿੰਘ ਅਟਵਾਲ ਯੂ.ਐਸ.ਏ, ਗੁਰਜਿੰਦਰ ਸਿੰਘ ਦੌਲਤਪੁਰ ਸੀਨੀਅਰ ਅਕਾਲੀ ਆਗੂ, ਸੁਰਿੰਦਰ ਸਿੰਘ ਸਰਪੰਚ, ਜਰਨੈਲ ਸਿੰਘ ਸਰਪੰਚ ਭਾਨ ਮੁਜਾਰਾ, ਸਚਿਨ ਠਾਕੁਰ, ਭੁਪਿੰਦਰ ਸਿੰਘ ਲਾਡੀ ਤੇ ਗੁਰਮੀਤ ਸਿੰਘ ਹੁੰਦਲ ਆਦਿ ਹਾਜ਼ਰ ਸਨ |