ਨਵਾਂਸ਼ਹਿਰ, 5 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਅੰਮਿ੍ਤ ਕੁੰਡ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ 4 ਦਿਨਾਂ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤਾਂਕਿ ਦੇਸ਼ ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਆਪਣੇ ਮਹਾਨ ਰਹਿਬਰਾਂ ਦੇ ਇਤਿਹਾਸਕ ਦਿਨ ਸ਼ਰਧਾ ਤੇ ਭਾਵਨਾ ਨਾਲ ਮਨਾ ਸਕਣ | ਇਹ ਵਿਚਾਰ ਆਲ ਇੰਡੀਆ ਆਦਿ ਧਰਮ ਦੇ ਰਾਸ਼ਟਰੀ ਚੇਅਰਮੈਨ ਤੇ ਇਤਿਹਾਸਕ ਅਸਥਾਨਾਂ ਦੀ ਖ਼ੋਜ ਕਰਤਾ ਬਾਬਾ ਬੰਤਾ ਰਾਮ ਘੇੜਾ ਦੀ ਸਪੁੱਤਰੀ ਬੀਬੀ ਕਮਲੇਸ਼ ਕੌਰ ਘੇੜਾ ਨੇ ਜਾਣਕਾਰੀ ਦਿੰਦਿਆਂ ਪ੍ਰਗਟ ਕੀਤੇ | ਉਨ੍ਹਾਂ ਆਖਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਸੰਸਥਾ ਨੂੰ ਉਨ੍ਹਾਂ ਦੇ ਪਿਤਾ ਬਾਬਾ ਬੰਤਾ ਰਾਮ ਘੇੜਾ ਵਲੋਂ ਇਤਿਹਾਸਕ ਅਸਥਾਨਾਂ ਦੀ ਖ਼ੋਜ ਕਰਨ ਸਮੇਂ ਰਜਿਸਟਰਡ ਕਰਵਾਇਆ ਗਿਆ ਸੀ ਤੇ ਇਸ ਸਮੇਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸਿਰਫ਼ ਤੇ ਸਿਰਫ਼ ਐੱਲ. ਆਰ. ਵਿਰਦੀ ਹੀ ਹਨ, ਪਰ ਜੇਕਰ ਕੋਈ ਇਸ ਨਾਮ 'ਤੇ ਸੰਗਤਾਂ ਤੋਂ ਦੇਸ਼ ਵਿਦੇਸ਼ 'ਚ ਭੇਟਾ ਇਕੱਠੀ ਕਰਦਾ ਹੈ ਤਾਂ ਸੰਗਤਾਂ ਨੂੰ ਸੋਚਣ ਦੀ ਜ਼ਰੂਰਤ ਹੈ | ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਐੱਲ. ਆਰ. ਵਿਰਦੀ ਨੇ ਆਖਿਆ ਕਿ ਸਮੂਹ ਸੰਗਤਾਂ ਪਿਆਰ ਤੇ ਸਤਿਕਾਰ ਨਾਲ ਉਕਤ ਸਮਾਗਮਾਂ 'ਚ ਸ਼ਮੂਲੀਅਤ ਕਰਨ | ਉਨ੍ਹਾਂ ਆਖਿਆ ਕਿ ਸੰਗਤਾਂ ਵਾਸਤੇ ਰਾਤ ਦੇ ਠਹਿਰਾਅ ਅਤੇ ਲੰਗਰਾਂ ਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ ਤਾਂ ਕਿ ਸੰਗਤ ਨੂੰ ਰਹਿਣ, ਲੰਗਰ ਛਕਣ ਅਤੇ ਰਾਤ ਨੂੰ ਕੁਝ ਸਮਾਂ ਆਰਾਮ ਕਰਨ ਲਈ ਕੋਈ ਦਿੱਕਤ ਨਾ ਪੇਸ਼ ਆਵੇ | ਉਨ੍ਹਾਂ ਦੱਸਿਆ ਕਿ ਆਰਜੀ ਪਖਾਨਿਆਂ ਅਤੇ ਸੁਰੱਖਿਆ ਪ੍ਰਬੰਧ ਵੀ ਪੁੱਖਤਾ ਕਰ ਲਏ ਗਏ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਗੁਪਤ ਤੌਰ 'ਤੇ ਆਰਜੀ ਕੈਮਰਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂ ਕਿ ਘਟੀਆ ਮਾਨਸਿਕਤਾ ਵਾਲੇ ਲੋਕ ਕਿਸੇ ਤਰਾਂ ਦੀ ਘਟਨਾ ਨੂੰ ਅੰਜਾਮ ਦੇ ਕੇ ਕਾਨੂੰਨੀ ਸ਼ਿਕੰਜੇ 'ਚੋਂ ਬਚਕੇ ਨਾ ਨਿੱਕਲ ਸਕਣ |