ਕਾਠਗੜ੍ਹ, 6 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਆਸਰੋਂ ਦੇ ਸਰਪੰਚ ਬਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਆਸਰੋਂ ਥਾਣਾ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖਿਲਾਫ਼ 167000 ਰੁਪਏ ਦੀ ਠੱਗੀ ਮਾਰਨ ਵਿਰੁੱਧ ਮੋਹਨ ਚੰਦ ਪੁੱਤਰ ਤਾਰੂ ਰਾਮ ਵਾਸੀ ਪਿੰਡ ਰੱਤੇਵਾਲ ਨੇ ਐੱਸ. ਐੱਸ. ਪੀ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਫ਼ਤਰ ਦੀ ਪੀ. ਸੀ. ਬ੍ਰਾਂਚ ਵਿਚ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਮੇਰੇ ਨਾਲ ਠੱਗੀ ਕਰਨ ਵਾਲੇ ਬਲਵਿੰਦਰ ਸਿੰਘ ਸਰਪੰਚ ਆਸਰੋਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਕੇ ਮੇਰੇ ਪੈਸੇ ਮੁੜਵਾਏ ਜਾਣ | ਮੋਹਨ ਚੰਦ ਨੇ ਦਰਖਾਸਤ ਵਿੱਚ ਲਿਖਿਆ ਹੈ ਕਿ ਮੇਰਾ ਲੜਕਾ ਨਵਲ ਕੁਮਾਰ ਸਵਰਾਜ਼ ਮਾਜ਼ਦਾ ਫੈਕਟਰੀ ਆਸਰੋਂ ਨੇੜੇ ਇਕ ਠੇਕੇਦਾਰ ਪਾਸ ਕੰਮ 'ਤੇ ਲੱਗਿਆ ਹੋਇਆ ਹੈ ਜੋ ਕਿ ਅਜੇ ਕੱਚੇ ਕਾਮਿਆਂ ਵਿੱਚ ਹੀ ਹੈ | ਮਈ 2025 ਵਿੱਚ ਆਸਰੋਂ ਦੇ ਸਰਪੰਚ ਬਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਉਸ ਦੇ ਦੱਸਿਆਂ ਕਿ ਮੈਂ ਪਿੰਡ ਦਾ ਸਰਪੰਚ ਹੋਣ ਕਾਰਨ ਇਕ ਜ਼ਿੰਮੇਵਾਰ ਵਿਆਕਤੀ ਹਾਂ | ਸਵਰਾਜ਼ ਮਾਜ਼ਦਾ ਫੈਕਟਰੀ ਦੀ ਮੈਨੇਜਮੈਂਟ ਨਾਲ ਉਸ ਦੀ ਬਹੁਤ ਨਜ਼ਦੀਕੀ ਗੱਲਬਾਤ ਹੈ ਅਤੇ ਮੈਂ ਆਪਣਾ ਅਸਰ ਰਸੂਖ ਵਰਤ ਕੇ ਤੁਹਾਡੇ ਲੜਕੇ ਨੂੰ ਫੈਕਟਰੀ ਵਿਚ ਪੱਕਾ ਕਰਾਉਣ ਬਦਲੇ 2 ਲੱਖ ਰੁਪਏ ਲਵਾਂਗਾ ਜੇਕਰ ਤੁਹਾਡਾ ਲੜਕਾ 3 ਮਹੀਨੇ ਦੇ ਅੰਦਰ ਪੱਕਾ ਨਾ ਹੋਵੇਗਾ ਤਾਂ ਵਸੂਲ ਕੀਤੀ ਰਕਮ ਵਾਪਸ ਕਰੇਗਾ ਇਸ ਨੇ 167000 ਰੁਪਇਆ ਮੈਥੋਂ ਮੰਗਿਆਂ ਸੀ ਉਹ ਮੈਂ ਬਲਵਿੰਦਰ ਸਿੰਘ ਨੂੰ ਮਈ 2025 ਵਿੱਚ ਦੇ ਦਿੱਤਾ ਅਤੇ ਬਕਾਇਆ ਰਕਮ ਫੈਕਟਰੀ ਵਿਚ ਪੱਕੇ ਹੋਣ ਉਪਰੰਤ ਦੇਣੇ ਤੈਅ ਹੋਏ ਸਨ | ਇਹ ਸਰਪੰਚ ਅੱਜ ਤੱਕ ਮੇਰੇ ਮੁੰਡੇ ਨੂੰ ਫੈਕਟਰੀ ਵਿਚ ਪੱਕੀ ਨੌਕਰੀ 'ਤੇ ਨਹੀਂ ਰੱਖਵਾ ਸਕਿਆ ਅਤੇ ਉਹ ਮੈਥੋਂ ਲਏ ਪੈਸੇ ਵਾਪਸ ਕਰਨ ਦਾ ਮੈਨੂੰ ਭਰੋਸਾ ਦਿੰਦਾ ਰਿਹਾ ਪਰ ਹੁਣ ਬਲਵਿੰਦਰ ਸਿੰਘ ਸਰਪੰਚ ਨੇ ਮੈਥੋਂ ਲਏ ਪੈਸੇ ਵਾਪਸ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ | ਉਲਟਾ ਮੈਨੂੰ ਅਤੇ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਮੈਥੋਂ ਲਏ ਪੈਸੇ ਵਾਪਸ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ | ਇਸ ਸਬੰਧ ਵਿੱਚ ਥਾਣਾ ਕਾਠਗੜ੍ਹ ਪੁਲਿਸ ਨੇ ਪਰਚਾ ਦਰਜ ਕਰਕੇ ਭਾਵੇਂ ਇਨਕੁਆਰੀ ਸ਼ੁਰੂ ਕਰ ਦਿੱਤੀ ਹੈ, ਪਰ ਠੱਗੀ ਮਾਰਨ ਵਾਲਾ ਸਰਪੰਚ ਬਲਵਿੰਦਰ ਸਿੰਘ ਆਸਰੋਂ ਅਜੇ ਵੀ ਪੁਲਿਸ ਦੀ ਗਿ੍ਫਤ ਤੋਂ ਬਾਹਰ ਹੈ |