ਸੜੋਆ, 6 ਅਪ੍ਰੈਲ (ਹਰਮੇਲ ਸਹੂੰਗੜਾ)-ਕਸਬਾ ਸੜੋਆ ਦੀ ਪੀ. ਐੱਨ. ਬੀ. ਬੈਂਕ 'ਚੋਂ ਲੋਕਾਂ ਨੂੰ ਨਕਦੀ ਨਾ ਮਿਲਣ ਕਾਰਨ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ | ਅੱਜ ਜਦੋਂ ਵੱਖ-ਵੱਖ ਪਿੰਡਾਂ ਤੋਂ ਲੋਕ ਸੜੋਆ ਬੈਂਕ ਵਿੱਚੋਂ ਪੈਸੇ ਲੈਣ ਆਏ ਤਾਂ ਲੋਕਾਂ ਨੂੰ ਖਾਲੀ ਹੱਥ ਹੀ ਮੁੜਨਾ ਪਿਆ | ਉਧਰ ਕੁੱਝ ਪਿੰਡਾਂ ਦੇ ਵਿਅਕਤੀਆਂ ਨੇ ਦੱਸਿਆ ਕਿ ਜੇ ਸਾਨੂੰ ਲੱਖ ਰੁਪਏ ਚਾਹੀਦੇ ਹਨ ਤਾਂ ਬੈਂਕ ਵਾਲੇ ਸਾਫ ਹੀ ਮਨਾ ਕਰ ਦਿੰਦੇ ਹਨ ਕਿ ਕੈਸ਼ ਨਹੀਂ ਹੈ | ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਿੰਨ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਨਿੱਤ ਗੇੜੇ ਮਾਰਦੇ ਹੋਏ ਵਾਪਸ ਚਲੇ ਜਾਂਦੇ ਹਨ,ਕੁਝ ਲੋਕਾਂ ਨੇ ਇਹ ਵੀ ਦੱਸਿਆ ਹੈ ਕਿ ਬੱਚਿਆਂ ਦੇ ਦਾਖ਼ਲੇ, ਸਕੂਲਾਂ ਦੀਆਂ ਫ਼ੀਸਾਂ, ਵਰਦੀਆਂ ਤੇ ਹੋਰ ਸਮਾਨ ਲੈਣ ਲਈ ਪੈਸੇ ਦੀ ਸਖ਼ਤ ਜਰੂਰਤ ਹੈ, ਜਿਸ ਕਰਕੇ ਬੈਂਕ ਵਿੱਚੋਂ ਪੈਸੇ ਨਾ ਮਾਤਰ ਹੀ ਮਿਲਦੇ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਵਾਲਿਆਂ ਨੇ ਹਰ ਦਿਨ ਪੰਜ ਹਜ਼ਾਰ ਦੀ ਲਿਮਿਟ ਬਣਾ ਕੇ ਡੰਗ ਟਪਾਇਆ ਜਾ ਰਿਹਾ ਹੈ ਤੇ ਏ.ਟੀ.ਐੱਮ. ਵੀ ਹਰ ਰੋਜ਼ ਬੰਦ ਰਹਿੰਦਾ ਹੈ | ਇਸ ਸੰਬੰਧੀ ਜਦੋਂ ਜ਼ਿਲ੍ਹੇ ਦੇ ਲੀਡ ਮੈਨੇਜਰ ਰਾਕੇਸ਼ ਮੋਹਣ ਭਗਤ ਤੋਂ ਪੱਖ ਜਾਣਨਾ ਚਾਹਿਆ ਤਾਂ ਪੰਜ ਦਫਾ ਫ਼ੋਨ ਕਰਨ ਦੇ ਬਾਵਜੂਦ ਵੀ ਜ਼ਿਲ੍ਹਾ ਮੈਨੇਜਰ ਨੇ ਫ਼ੋਨ ਨਹੀਂ ਚੁੱਕਿਆ ਅਤੇ ਖ਼ਬਰ ਲਿਖੇ ਜਾਣ ਤੱਕ ਕੋਈ ਵੀ ਜਵਾਬ ਨਹੀਂ ਆਇਆ | ਉੱਧਰ ਪ੍ਰੇਸ਼ਾਨ ਹੋਏ ਲੋਕਾਂ ਦੀ ਮੰਗ ਹੈ ਕਿ ਬੈਂਕ ਵਿਚ ਕੈਸ਼ ਜਲਦੀ ਤੋਂ ਜਲਦੀ ਭੇਜਿਆ ਜਾਵੇ ਤਾਂ ਜੋ ਲੋਕ ਪ੍ਰੇਸ਼ਾਨ ਨਾ ਹੋਣ |
ਸੜੋਆ ਪੀ. ਐੱਨ. ਬੀ. ਬੈਂਕ 'ਚੋਂ ਨਕਦੀ ਨਾ ਮਿਲਣ 'ਤੇ ਲੋਕਾਂ 'ਚ ਮਚੀ ਹਾਹਾਕਾਰ
ਅਜੀਤ ਡੈਸਕ
07-04-2026