ਰੱਤੇਵਾਲ, 6 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਰੋਪੜ ਫਗਵਾੜਾ ਨੈਸ਼ਨਲ ਹਾਈਵੇ 'ਤੇ ਕਾਠਗੜ੍ਹ ਮੋੜ ਬੱਸ ਅੱਡੇ 'ਤੇ ਸਵੇਰ ਵੇਲੇ ਬੱਸਾਂ ਬਿਲਕੁਲ ਨਹੀਂ ਰੁਕਦੀਆਂ | ਵਿਸ਼ੇਸ਼ ਤੌਰ 'ਤੇ ਔਰਤਾਂ ਬੀਬੀਆਂ ਭੈਣਾਂ ਨੂੰ ਖੜ੍ਹੀਆਂ ਦੇਖ ਕੇ ਰੋਡਵੇਜ਼ ਬੱਸਾਂ ਦੇ ਡਰਾਈਵਰ ਆਪਣੀ ਮਨਮਰਜ਼ੀ ਕਰਦੇ ਹਨ | ਇਸ ਦੇ ਨਾਲ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਮੌਜਾਂ ਲੱਗ ਜਾਂਦੀਆਂ ਹਨ | ਸਵਾਰੀਆਂ ਆਪਣੀ ਜਾਨ ਜੋਖਮ ਵਿੱਚ ਪਾ ਪ੍ਰਾਈਵੇਟ ਬੱਸਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਸਫਰ ਕਰਨ ਲਈ ਮਜਬੂਰ ਹਨ | ਜਿਨ੍ਹਾਂ ਬੱਚੀਆਂ ਨੇ ਰਾਇਤ ਕਾਲਜ ਰੈਲਮਾਜਰਾ ਜਾਂ ਰੋਪੜ ਕਾਲਜ ਜਾਣਾ ਹੁੰਦਾ ਹੈ ਉਹਨਾਂ ਦੀ ਪੜ੍ਹਾਈ ਦਾ ਪੰਜਾਬ ਸਰਕਾਰ ਨੂੰ ਕੋਈ ਫ਼ਿਕਰ ਨਹੀਂ ਹੈ | ਕਈ ਸਵਾਰੀਆਂ ਕਾਠਗੜ੍ਹ ਮੋੜ ਤੋਂ ਟੋਲ ਪਲਾਜ਼ਾ ਬੱਛੂਆ ਵੱਲ ਪੈਦਲ ਜਾਂਦੀਆਂ ਨਜ਼ਰ ਆਉਂਦੀਆਂ ਹਨ | ਉੱਥੇ ਵੀ ਇਨ੍ਹਾਂ ਡਰਾਈਵਰਾਂ ਅਤੇ ਕੰਡਕਟਰਾਂ ਦੀ ਮਨਮਰਜ਼ੀ ਤੇ ਧੱਕੇਸ਼ਾਹੀ ਦੇਖਣ ਨੂੰ ਮਿਲਦੀ ਹੈ ਕਿ ਇਹ ਕੰਡਕਟਰ ਡਰਾਈਵਰ ਬੱਸਾਂ ਦਾ ਦਰਵਾਜ਼ਾ ਤੱਕ ਨਹੀਂ ਖੋਲ੍ਹਦੇ | ਕਾਠਗੜ੍ਹ ਮੋੜ 'ਤੇ ਸਵਾਰੀਆਂ ਵੀ ਬਹੁਤ ਘੱਟ ਉਤਾਰੀਆਂ ਜਾਂਦੀਆਂ ਹਨ, ਜਿਸ ਕਾਰਨ ਜ਼ਿਆਦਾਤਰ ਸਵਾਰੀਆਂ ਟੋਲ ਪਲਾਜ਼ਾ ਬੱਛੂਆਂ 'ਤੇ ਹੀ ਉੱਤਰਦੀਆਂ ਹਨ ਅਤੇ ਖੱਜਲ ਖੁਆਰ ਹੋ ਕੇ ਕਾਠਗੜ੍ਹ ਮੋੜ ਤੱਕ ਪਹੁੰਚਦੀਆਂ ਹਨ | ਦੇਖਣ ਵਿੱਚ ਆਇਆ ਹੈ ਕਿ ਬੱਚੀਆਂ ਨੂੰ ਮਜ਼ਬੂਰਨ ਪ੍ਰਾਈਵੇਟ ਬੱਸਾਂ ਵਿਚ ਧੱਕੇ ਖਾਣੇ ਪੈਂਦੇ ਹਨ ਜੋ ਕਿ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ 'ਤੇ ਪ੍ਰਸ਼ਨ ਚਿੰਨ੍ਹ ਹੈ | ਇਸ ਦੌਰਾਨ ਜਿਨ੍ਹਾਂ ਮਰੀਜ਼ਾਂ ਨੇ ਦਵਾਈ ਲੈਣ ਲਈ ਚੰਡੀਗੜ੍ਹ ਜਾਂ ਰੋਪੜ ਜਾਣਾ ਹੁੰਦਾ ਹੈ ਉਹ ਵੀ ਕਈ ਵਾਰ ਬੱਸਾਂ ਉਡੀਕਦੇ ਹੋਏ ਲੇਟ ਹੋਣ ਕਰਕੇ ਆਟੋ ਵਿੱਚ ਜਾਂਦੇ ਦੇਖੇ ਗਏ | ਜਦੋਂ ਪੱਤਰਕਾਰ ਨੇ ਸਕੂਲ ਕਾਲਜ ਜਾਣ ਵਾਲੀਆਂ ਬੱਚੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਬੱਚੀਆਂ ਨੇ ਭਾਵਕ ਹੋ ਕੇ ਅੱਖਾਂ ਵਿੱਚ ਹੰਝੂਆਂ ਭਰੀ ਦਰਦਨਾਕ ਅਵਾਜ਼ ਵਿੱਚ ਕਿਹਾ ਕਿ ਅਸੀਂ ਆਪਣੀ ਪੜ੍ਹਾਈ ਨੂੰ ਕਿਸ ਤਰਾਂ ਛੱਡ ਸਕਦੇ ਹਾਂ | ਸਾਡੇ ਭਵਿੱਖ ਦਾ ਸਵਾਲ ਹੈ ਸਾਨੂੰ ਆਪਣੇ ਮਾਪਿਆਂ ਦੀ ਮਜ਼ਬੂਰੀ ਦਾ ਖਿਆਲ ਰੱਖਣਾ ਪੈਂਦਾ ਹੈ ਕਿ ਸਾਡੇ ਮਾਪੇ ਕਿਸ ਤਰਾਂ ਸਾਡੇ ਸਕੂਲ ਕਾਲਜਾਂ ਦੀਆਂ ਫੀਸਾਂ ਭਰਦੇ ਹਨ ਅਤੇ ਸਰਕਾਰ ਨੂੰ ਸਾਡਾ ਕੋਈ ਫ਼ਿਕਰ ਨਹੀਂ ਹੈ | ਇਸ ਮੌਕੇ ਉਨ੍ਹਾਂ ਬੱਚੀਆਂ ਅਤੇ ਖੱਜਲ ਖਰਾਬ ਹੋ ਰਹੀਆਂ ਸਵਾਰੀਆਂ ਨੇ ਹਲਕਾ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਤੇ ਡੀ. ਸੀ. ਸਾਹਿਬ ਸ਼ਹੀਦ ਭਗਤ ਸਿੰਘ ਨਗਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਭਵਿੱਖ ਨੂੰ ਦੇਖਦਿਆਂ ਪੰਜਾਬ ਰੋਡਵੇਜ਼ ਨਵਾਂਸ਼ਹਿਰ ਅਤੇ ਇਸ ਰੂਟ 'ਤੇ ਚਲਣ ਵਾਲੀਆਂ ਰੋਡਵੇਜ਼ ਬੱਸਾਂ ਦੇ ਡਰਾਈਵਰਾਂ ਨੂੰ ਕਾਠਗੜ੍ਹ ਬੱਸ ਅੱਡੇ 'ਤੇ ਰੁਕਣ ਲਈ ਸਖ਼ਤ ਹਦਾਇਤਾਂ ਜਾਰੀ ਕਰਨ |
ਕਾਠਗੜ੍ਹ ਮੋੜ ਬੱਸ ਅੱਡੇ 'ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਾ ਰੁਕਣ ਕਾਰਨ ਸਵਾਰੀਆਂ ਹੋ ਰਹੀਆਂ ਪ੍ਰੇਸ਼ਾਨ
ਅਜੀਤ ਡੈਸਕ
07-04-2026