ਬੰਗਾ, 15 ਅਪ੍ਰੈਲ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ ਲਧਾਣਾ)-ਵਿਧਾਇਕ ਹਲਕਾ ਬੰਗਾ ਸੁਖਵਿੰਦਰ ਸੁੱਖੀ ਨੇ ਦਾਣਾ ਮੰਡੀ ਬੰਗਾ ਵਿਖੇ ਚੱਲ ਰਹੇ ਕਣਕ ਦੀ ਖ਼ਰੀਦ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਪ੍ਰਬੰਧਾਂ 'ਤੇ ਤਸੱਲੀ ਪ੍ਰਗਟ ਕੀਤੀ | ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੀ ਹਾਜ਼ਰ ਸਨ | ਵਿਧਾਇਕ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਸੁਚਾਰੂ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਉਪਾਅ ਲਾਗੂ ਕੀਤੇ ਗਏ ਹਨ | ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਉਨ੍ਹਾਂ ਅੱਗੇ ਕਿਹਾ ਕਿ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਜਾਰੀ ਹੈ | ਦੌਰੇ ਦੌਰਾਨ ਵਿਧਾਇਕ ਸੁਖਵਿੰਦਰ ਸੁੱਖੀ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਦੇ ਨਾਲ-ਨਾਲ ਖਰੀਦ ਏਜੰਸੀਆਂ ਦੇ ਮੁਖੀਆਂ ਨੂੰ ਸਮੇਂ ਸਿਰ ਭੁਗਤਾਨ ਅਤੇ ਕਣਕ ਦੀ ਤੁਰੰਤ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਵਿਸਤਿ੍ਤ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ | ਇਸ ਮੌਕੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਲਈ ਆਰਾਮਦਾਇਕ ਮਾਹੌਲ ਪ੍ਰਦਾਨ ਕਰਨ ਲਈ ਸਾਫ਼ ਪੀਣ ਵਾਲਾ ਪਾਣੀ, ਲੋੜੀਂਦੀ ਰੋਸ਼ਨੀ, ਬੈਠਣ ਦੀ ਵਿਵਸਥਾ ਅਤੇ ਸੈਨੀਟੇਸ਼ਨ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਨੂੰ ਸੁੱਕਾ ਕੇ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਵੇਚਣ ਲਈ ਜਿਆਦਾ ਸਮਾਂ ਨਾ ਰੁਕਣਾ ਪਵੇ | ਇਸ ਮੌਕੇ 'ਤੇ ਮਾਰਕੀਟ ਕਮੇਟੀ ਸਕੱਤਰ ਵਰਿੰਦਰ ਕੁਮਰ, ਸੋਹਨ ਲਾਲ ਢੰਡਾ ਜ਼ਿਲ੍ਹਾ ਪਰਿਸ਼ਦ ਮੈਂਬਰ, ਪਵਨਜੀਤ ਸਿੰਘ ਸਿੱਧੂ ਹਲਕਾ ਕੋਆਰਡੀਨੇਟਰ ਤੇ ਇੰਦਰਜੀਤ ਮਾਨ ਵੀ ਹਾਜ਼ਰ ਸਨ |