ਬੰਗਾ, 18 ਅਪ੍ਰੈਲ (ਧਰਮਵੀਰ ਪਾਲ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸ. ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸਕੂਲਾਂ ਕਾਲਜਾਂ ਦੇ ਖਾਲਸਾ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਸ਼ਬਦ ਗਾਇਨ, ਕਵੀਸ਼ਰੀ, ਕਵਿਤਾ, ਗੱਤਕਾ ਅਤੇ ਧਾਰਮਿਕ ਪ੍ਰਦਰਸ਼ਨੀ ਕਰਵਾਈ ਗਈ | ਜਿਸ ਵਿੱਚ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆ ਧਾਰਮਿਕ ਵਿਭਾਗ ਦੇ ਮੁਖੀ ਮੈਡਮ ਕਮਲਜੀਤ ਕੌਰ ਨੇ ਦੱਸਿਆ ਕਿ ਜਿਥੇ ਇਸ ਮੌਕੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਧਾਰਮਿਕ ਪ੍ਰਦਰਸ਼ਨੀ ਲਗਾਈ ਗਈ, ਉਥੇ ਅਰਸ਼ਪ੍ਰੀਤ ਕੌਰ ਨੇ ਕਵਿਤਾ, ਧਰਮਪ੍ਰੀਤ ਸਿੰਘ ਅਤੇ ਮੋਹਿਤ ਸਿੰਘ ਨੇ ਕਵੀਸ਼ਰੀ, ਬ੍ਰਹਮਜੀਤ ਸਿੰਘ ਅਤੇ ਉਸਦੇ ਸਾਥੀਆਂ ਨੇ ਸ਼ਬਦ ਗਾਇਨ ਆਦਿ ਵਿੱਚ ਭਾਗ ਲੈ ਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸ. ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਅਤੇ ਗੁਰਬਖ਼ਸ਼ ਸਿੰਘ ਖਾਲਸਾ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਰਣਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੌਮ ਦੀ ਨੌਜਵਾਨ ਪੀੜੀ ਨੂੰ ਆਪਣੇ ਗੌਰਵਮਈ ਵਿਰਸੇ ਅਤੇ ਕੁਰਬਾਨੀਆਂ ਭਰੇ ਇਤਿਹਾਸ ਨਾਲ ਜੌੜਨ ਲਈ ਇਹ ਯਤਨ ਭਵਿੱਖ ਵਿੱਚ ਸਾਰਥਕ ਨਤੀਜੇ ਲੇ ਕੇ ਆਉਣਗੇ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਆਸ-ਪਾਸ ਦੇ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ |