ਨਵਾਂਸ਼ਹਿਰ, 18 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)- ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਵੱਖ-ਵੱਖ ਸਮਸਿਆਵਾਂ ਨਾਲ਼ ਜੂਝਣ ਦੇ ਆਦੀ ਹੋ ਗਏ ਹਨ | ਨਵਾਂਸ਼ਹਿਰ ਵਿੱਚ ਨਗਰ ਕੌਂਸਲ ਹੈ ਜ਼ਰੂਰ, ਪਰ ਲੋਕ ਮਸਲਿਆਂ ਦੇ ਹੱਲ ਲਈ ਉਹਨਾਂ ਨੂੰ ਆਪ ਇਕੱਠੇ ਹੋ ਕੇ ਸੋਚਣਾ/ਕਰਨਾ ਪੈਂਦਾ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੁਹੱਲਾ ਵਿਕਾਸ ਨਗਰ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਖਾਲਸਾ ਵਿਕਾਸ ਨਗਰ ਨੇ ਦੱਸਿਆ ਕਿ ਫੱਟੀ ਬਸਤਾ ਚੌਂਕ ਤੋਂ ਲੈਕੇ ਪਿੰਡ ਸਲੋਹ ਤੱਕ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ | ਉਹਨਾਂ ਦੱਸਿਆ ਕਿ ਪਤਾ ਲੱਗਿਆ ਹੈ ਕਿ ਇਸ ਸੜਕ ਨਾਲ਼ ਸਬੰਧਤ ਟੈਂਡਰ ਵੀ ਪਾਸ ਹੋ ਚੁੱਕਿਆ ਹੈ | ਪਰ ਕੰਮ ਅਮਲੀ ਰੂਪ ਵਿੱਚ ਕਦੋਂ ਸ਼ੁਰੂ ਹੋਵੇਗਾ, ਕੋਈ ਥਹੁ ਪਤਾ ਨਹੀਂ ਲੱਗ ਰਿਹਾ ਹੈ | ਉਹਨਾਂ ਸਮੂਹ ਮੁਹੱਲਾ ਵਿਕਾਸ ਨਗਰ ਅਤੇ ਮੁਹੱਲਾ ਮਾਡਲ ਟਾਊਨ ਵਾਲਿਆਂ ਨਾਲ ਰੱਲ ਕੇ ਸੜਕ ਉਸਾਰੀ/ਮੁਰੰਮਤ ਸਬੰਧੀ ਵਿਚਾਰ ਕਰਨ ਲਈ ਇੱਕ ਮੀਟਿੰਗ ਬੁਲਾਈ ਗਈ ਹੈ | ਰੇਸ਼ਮ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਮੀਟਿੰਗ ਦਿਨ ਐਤਵਾਰ ਮਿਤੀ 19 ਅਪ੍ਰੈਲ ਸਵੇਰੇ 8:30 ਵਜੇ ਸਲੋਹ ਰੋਡ ਮਾਡਲ ਟਾਊਨ ਦੇ ਮੇਨ ਗੇਟ ਦੇ ਸਾਹਮਣੇ ਰੱਖੀ ਗਈ ਹੈ |