ਮੁਕੰਦਪੁਰ, 23 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਐੱਨ. ਐੱਸ. ਐੱਸ. ਵਿਭਾਗ, ਇੰਸਟੀਚਿਊਸ਼ਨ ਇਨਓਵੇਟਿਵ ਕੌਂਸਲ ਤੇ ਹੋਮ ਸਾਇੰਸ ਵਿਭਾਗ ਵਲੋਂ ਪਿ੍ੰ. ਮਨਜੀਤ ਸਿੰਘ ਦੀ ਅਗਵਾਈ ਹੇਠ ਸਾਂਝੇ ਤੌਰ 'ਤੇ ਪੋਸ਼ਣ ਪਖਵਾੜਾ ਦਿਵਸ ਮਨਾਇਆ ਗਿਆ | ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਸ਼ਵੇਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਿਹਤ ਤੇ ਸੰਤੁਲਿਤ ਭੋਜਨ ਪ੍ਰਤੀ ਸੁਚੇਤ ਕਰਨਾ ਇਸ ਦਿਵਸ ਦਾ ਮੁੱਖ ਉਦੇਸ਼ ਹੈ | ਉਨ੍ਹਾਂ ਨੇ ਦੱਸਿਆ ਕਿ ਮਨਿਸਟਰੀ ਆਫ਼ ਵੂਮੇਨ ਅਤੇ ਚਾਈਲਡ ਡਿਵੈਲਪਮੈਂਟ ਵਲੋਂ ਹਰ ਸਾਲ ਪੋਸ਼ਣ ਪਖਵਾੜਾ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਮੰਤਵ ਔਰਤ ਅਤੇ ਬੱਚਿਆਂ ਦਾ ਸਹੀ ਮਾਨਸਿਕ ਤੇ ਸਰੀਰਿਕ ਵਿਕਾਸ ਹੈ | ਇਸ ਸਾਲ ਦਾ ਥੀਮ ਬੱਚਿਆਂ ਦੇ ਜੀਵਨ 'ਚ ਪਹਿਲੇ ਛੇ ਸਾਲਾਂ ਦੇ ਵੱਧ ਤੋਂ ਵੱਧ ਦਿਮਾਗੀ ਵਿਕਾਸ 'ਤੇ ਅਧਾਰਿਤ ਹੈ | ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਜਗਵਿੰਦਰ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਖਾਣ ਲਈ ਪ੍ਰੇਰਿਆ ਤੇ ਨਾਲ ਹੀ ਜੰਕ ਫੂਡ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ | ਡਾ.ਨਿਰਦੋਸ਼ ਕੌਰ ਨੇ ਵਿਦਿਆਰਥੀਆਂ ਨੂੰ ਭੋਜਨ ਦੇ ਸਹੀ ਅੰਤਰਾਲ ਤੇ ਕਸਰਤ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ | ਡਾ. ਕਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਤਾਜ਼ਾ ਮੌਸਮੀ ਫਲ਼, ਸਬਜੀਆਂ, ਅਤੇ ਦੁੱਧ ਦਾ ਸੇਵਨ ਵੱਧ ਤੋ ਵੱਧ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਡੱਬਾ ਬੰਦ ਖਾਧ ਪਦਾਰਥਾਂ ਤੋਂ ਦੂਰੀ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਨੇ ਇਸ ਦਿਵਸ ਦੇ ਮਹੱਤਵ ਬਾਰੇ ਰੌਸ਼ਨੀ ਪਾਈ ਅਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਭੋਜਨ 'ਚ ਮੋਟੇ ਅਨਾਜ ਅਤੇ ਸਾਦੇ ਘਰ ਦੇ ਬਣੇ ਭੋਜਨ ਨੂੰ ਤਰਜੀਹ ਦੇਣ ਦਾ ਸੰਦੇਸ਼ ਦਿੱਤਾ | ਅੰਤ ਵਿਚ ਡਾ. ਸੰਗੀਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਸੁਖਮਿੰਦਰ ਦਾਸ ਬਾਵਾ, ਡਾ. ਆਸ਼ਿਮਾ ਪਾਸੀ, ਪ੍ਰੋ. ਸਰਬਜੀਤ ਸਿੰਘ, ਡਾ. ਮੇਘਨਾ ਅਗਰਵਾਲ ਤੇ ਪ੍ਰੋ. ਸੁਗੰਧਾ ਆਦਿ ਹਾਜ਼ਰ ਸਨ |