ਬੰਗਾ, 24 ਅਪ੍ਰੈਲ (ਧਰਮਵੀਰ ਪਾਲ)-ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਰੈਸਟੋਰੈਂਟ 'ਚ ਕੀਤੀ ਗਈ, ਜਿਸ ਵਿਚ ਪੰਜਾਬ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਨਰਲ ਸਕੱਤਰ ਨਵਕਾਂਤ ਭਰੋਮਜਾਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਗਿੱਦਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਾਈਸ ਪ੍ਰਧਾਨ ਮਨਜਿੰਦਰ ਸਿੰਘ ਵੱਲੋਂ ਕਲੱਬ ਦੀ ਕਾਰਗੁਜ਼ਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਲਾਇਨ ਕਲੱਬ ਬੰਗਾ ਨਿਸ਼ਚੇ ਦਾ ਸਾਲ 2025-26 ਜੋ ਕਿ 30 ਜੂਨ ਨੂੰ ਸਮਾਪਤ ਹੋ ਰਿਹਾ ਹੈ, ਕਲੱਬ ਲਈ ਬਹੁਤ ਹੀ ਸ਼ਾਨਦਾਰ ਅਤੇ ਯਾਦਗਾਰ ਸਾਬਤ ਹੋਇਆ | ਇਸ ਦੌਰਾਨ ਕਲੱਬ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਅਤੇ ਸਲਾਹੁਣਯੋਗ ਪ੍ਰੋਜੈਕਟ ਕੀਤੇ ਗਏ, ਜਿਨ੍ਹਾਂ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਲਾਭ ਮਿਲਿਆ | ਮੀਟਿੰਗ ਦੌਰਾਨ ਚਾਰਟਰ ਪ੍ਰਧਾਨ ਬਲਬੀਰ ਸਿੰਘ ਰਾਏ ਦੇ ਮਾਰਗਦਰਸ਼ਨ ਅਤੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਸਲਾਹ ਨਾਲ ਸਾਲ 2026-27 ਲਈ ਨਵੀਂ ਟੀਮ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ | ਨਵੀਂ ਟੀਮ ਅਨੁਸਾਰ ਜਸਪਾਲ ਸਿੰਘ ਗਿੱਦਾ ਨੂੰ ਮੁੜ ਪ੍ਰਧਾਨ, ਬਲਦੇਵ ਲਾਲ ਬਾਹਮਣੀਆਂ ਵਾਈਸ ਪ੍ਰਧਾਨ, ਮਨਜਿੰਦਰ ਸਿੰਘ ਸੈਕਟਰੀ, ਗੁਲਸ਼ਨ ਕੁਮਾਰ ਕੈਸ਼ੀਅਰ, ਜਤਿੰਦਰ ਕੁਮਾਰ ਗਿਨੀ ਪੀ.ਆਰ.ਓ., ਧਰਮਵੀਰ ਪਾਲ ਪ੍ਰੋਜੈਕਟ ਚੇਅਰਮੈਨ ਅਤੇ ਗੁਰਦਿਆਲ ਸਿੰਘ ਅਤੇ ਰਾਮ ਸਰੂਪ ਨੂੰ ਕਲੱਬ ਦੇ ਡਾਇਰੈਕਟਰ ਨਿਯੁਕਤ ਕੀਤਾ ਗਿਆ | ਇਸ ਮੌਕੇ ਦੇਵਰਾਜ ਸੁਮਨ, ਕੁਲਦੀਪ ਸਿੰਘ ਅਤੇ ਸਤਪਾਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਅਤੇ ਨਵੀਂ ਟੀਮ ਨੂੰ ਵਧਾਈ ਦਿੱਤੀ | ਸਾਰੇ ਮੈਂਬਰਾਂ ਨੇ ਇਕਜੁੱਟ ਹੋ ਕੇ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਵਧਾਉਣ ਦਾ ਸੰਕਲਪ ਲਿਆ | ਅੰਤ 'ਚ ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਭਲਾਈ ਲਈ ਆਪਣਾ ਯੋਗਦਾਨ ਜਾਰੀ ਰੱਖਣਗੇ ਅਤੇ ਨਵੇਂ ਪ੍ਰੋਜੈਕਟਾਂ ਰਾਹੀਂ ਲੋਕਾਂ ਦੀ ਸੇਵਾ ਕਰਦੇ ਰਹਿਣਗੇ |