ਹੁਸ਼ਿਆਰਪੁਰ, 24 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਦੀ ਭਾਜਪਾ ਸਰਕਾਰ ਬਕਾਇਦਾ ਨੋਟੀਫ਼ਿਕੇਸ਼ਨ ਕੱਢ ਕੇ ਮੁੱਕਰ ਚੁੱਕੀ ਹੈ ਅਤੇ ਹੁਣ ਭਾਜਪਾ ਆਗੂ ਆਰ. ਪੀ. ਸਿੰਘ ਵਰਗੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸਿੱਖ ਕੌਮ ਨੂੰ ਆਪਣੀਆਂ ਸਲਾਹਾਂ ਨਾ ਦੇਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ: ਹਰਜਿੰਦਰ ਸਿੰਘ ਜੱਖੂ ਦੋਆਬਾ ਇੰਚਾਰਜ ਤੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਪਾਰਟੀ ਦਫ਼ਤਰ ਵਿਖੇ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਗੁਜਰਾਤ ਸੂਬੇ 'ਚ ਬਿਲਕਸ ਬਾਨੋ ਨਾਲ ਜਬਰ ਜਨਾਹ ਕਰਨ ਦੇ ਦੋਸ਼ੀ ਤੇ ਪਰਿਵਾਰਕ ਮੈਂਬਰਾਂ ਦੇ ਕਾਤਲਾਂ ਨੂੰ ਤਾਂ ਕੇਂਦਰ ਤੇ ਗੁਜਰਾਤ ਸਰਕਾਰਾਂ ਸਮੇਂ ਤੋਂ ਪਹਿਲਾਂ ਰਿਹਾਈ ਦੇ ਸਕਦੀਆਂ ਹਨ, ਪਰ ਸਿੱਖ ਰਾਜਨੀਤਕ ਕੈਦੀਆਂ ਨੂੰ ਸਜਾਵਾਂ ਭੁਗਤਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ, ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਤੋਂ ਅਜਿਹਾ ਜਾਪਦਾ ਹੈ, ਜਿਵੇਂ ਸਿੱਖਾਂ ਲਈ ਦੇਸ਼ 'ਚ ਵੱਖਰਾ ਕਾਨੂੰਨ ਹੋਵੇ | ਇਸ ਮੌਕੇ ਸੰਦੀਪ ਸਿੰਘ ਖ਼ਾਲਸਾ ਟਾਂਡਾ ਨੇ ਪਾਰਟੀ ਦੇ ਪੀ.ਏ.ਸੀ. ਮੈਂਬਰ ਬਣਨ 'ਤੇ ਪਾਰਟੀ ਹਾਈਕਮਾਂਡ ਧੰਨਵਾਦ ਕੀਤਾ | ਇਸ ਮੌਕੇ ਹਰਵਿੰਦਰ ਸਿੰਘ ਹੀਰਾ, ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ ਸਿੰਘ, ਮਾ. ਕੁਲਦੀਪ ਸਿੰਘ ਮਸੀਤੀ, ਪਰਮਿੰਦਰ ਸਿੰਘ ਮੁਕੇਰੀਆਂ, ਜਗਦੀਸ਼ ਸਿੰਘ ਚੱਬੇਵਾਲ, ਲਾਡੀ ਮੁਕੇਰੀਆਂ ਆਦਿ ਹਾਜ਼ਰ ਸਨ |