ਬਲਾਚੌਰ, 26 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ)-ਅੱਜ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਵੱਲੋਂ ਰਾਘਵ ਚੱਢਾ, ਸੰਦੀਪ ਪਾਠਕ ਸਮੇਤ ਜੋ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਦਾ ਮੁੱਖ ਚੌਂਕ ਬਲਾਚੌਰ ਵਿਖੇ ਪੁਤਲੇ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ, ਜ਼ਿਲ੍ਹਾ ਯੋਜਨਾਂ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ, ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਉਧਨਵਾਲ ਤੇ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ ਉਰਫ਼ ਲਾਡੀ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਕਿਸਾਨ ਵਿਰੋਧੀ ਰਹੀ ਹੈ ਅਤੇ ਉਨ੍ਹਾਂ ਬਾਗ਼ੀ ਹੋਏ ਰਾਜ ਸਭਾ ਮੈਂਬਰਾਂ ਨੂੰ ਪੰਜਾਬ ਦੇ ਗ਼ੱਦਾਰ ਹੋਣ ਦਾ ਰੁਤਬਾ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਤੇ ਕਿਸਾਨ ਵਿਰੋਧੀ ਭਾਰਤੀ ਜਨਤਾ ਪਾਰਟੀ ਨੂੰ ਇਹ ਭੁਲੇਖਾ ਦੂਰ ਕਰ ਦੇਣਾ ਚਾਹੀਦਾ ਹੈ ਕਿ ਉਹ 7 ਰਾਜ ਸਭਾ ਮੈਂਬਰ ਤੋੜ ਕੇ ਪੰਜਾਬ ਦੀ ਸਤਾ 'ਤੇ ਕਾਬਜ਼ ਹੋ ਜਾਵੇਗੀ, ਉਨ੍ਹਾਂ ਕਿਹਾ ਕਿ 7 ਮੈਂਬਰ ਪਾਰਟੀ ਨਹੀਂ ਹੁੰਦੇ ਅਤੇ ਪਾਰਟੀ ਤੋਂ ਵੱਡਾ ਕੋਈ ਨਹੀਂ ਹੰੁਦਾ, ਉਨ੍ਹਾਂ ਕਿਹਾ ਕਿ ਭਾਜਪਾ ਦਾ ਸੁਪਨਾ ਧਰਿਆ ਧਰਾਇਆ ਰਹਿ ਜਾਵੇਗਾ | ਉਨ੍ਹਾਂ ਕਿਹਾ ਕਿ ਬਾਗ਼ੀ ਹੋਣ ਵਾਲੇ ਰਾਜ ਸਭਾ ਮੈਂਬਰਾਂ ਨੂੰ ਕਿਸੇ ਨੇ ਨਹੀਂ ਪੁੱਛਣਾ | ਚੇਅਰਮੈਨ ਸਤਨਾਮ ਜਲਾਲਪੁਰ ਨੇ ਆਖਿਆ ਕਿ ਜਿਸ ਪਾਰਟੀ ਨੇ ਐਨਾ ਮਾਨ ਸਨਮਾਨ ਦਿੱਤਾ ਉਸਦੇ ਨਹੀਂ ਬਣੇ ਤੇ ਹੋਰਨਾਂ ਦੇ ਕੀ ਬਣਨਗੇ | ਇਸ ਮੌਕੇ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਕੌਰ ਸਿਆਣ, ਬਲਦੇਵ ਰਾਜ ਚੌਧਰੀ, ਵਿਸੂ ਰਾਣਾ, ਰਾਮਪਾਲ ਮਹੇਸ਼ੀ, ਕੌਂਸਲਰ ਅਜੇ ਕੁਮਾਰ ਬਿੱਟੂ ਰਾਣਾ, ਜਸਵਿੰਦਰ ਸਿਆਣ, ਮੋਹਨ ਲਾਲ ਛਾਂਗਾ, ਅਨਿਲ ਨਾਹਰ, ਹਨੀ ਕੁਮਾਰ, ਗੁਰਪ੍ਰੀਤ ਸੈਣੀ ਤੇ ਹੋਰ ਹਾਜ਼ਰ ਸਨ |
ਰਾਘਵ ਚੱਢਾ ਸਮੇਤ ਬਾਗ਼ੀ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ
ਅਜੀਤ ਡੈਸਕ
27-04-2026