ਪੱਲੀ ਝਿੱਕੀ, 26 ਅਪ੍ਰੈਲ (ਕੁਲਦੀਪ ਸਿੰਘ ਪਾਬਲਾ)- ਨਵਾਂਸ਼ਹਿਰ ਦੇ ਭੀਣ ਫੀਡਰ ਦੇ ਇਲਾਕੇ ਵਿੱਚ ਪਿੰਡਾਂ ਅਤੇ ਮੋਟਰਾਂ ਦੇ ਲੱਗਦੇ ਲਗਾਤਾਰ ਬਿਜਲੀ ਦੇ ਲੰਬੇ- ਲੰਬੇ ਕੱਟਾਂ ਨਾਲ ਪਿੰਡਾਂ ਦੇ ਵਿੱਚ ਗਰਮੀਆਂ ਦੇ ਮੌਸਮ ਵਿੱਚ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ ਵਿੰਗ ਨਵਾਂਸ਼ਹਿਰ ਦੇ ਇੰਚਾਰਜ ਹਰਦੀਪ ਸਿੰਘ ਪੱਲੀ ਉੱਚੀ ਨੇ ਕਿਹਾ ਕਿ ਲੋਕਾਂ ਨੂੰ ਬਿਜਲੀ ਸਪਲਾਈ ਮੁਫਤ ਦੇਣ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪੂਰੀ ਬਿਜਲੀ ਮੁਹੱਈਆ ਨਾ ਹੋਣ ਨਾਲ ਪਿੰਡਾਂ ਦੇ ਲੋਕ ਤੇ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਰਦੀਪ ਸਿੰਘ ਦੀਪਾ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਫਸਲਾਂ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਬਿਜਲੀ ਦੀ ਜਰੂਰਤ ਹੁੰਦੀ ਹੈ ਪ੍ਰੰਤੂ ਨਾ ਮੰਤਰ ਹੀ ਮਿਲ ਰਹੀ ਹੈ | ਬਿਜਲੀ ਸਪਲਾਈ ਪੂਰੀ ਨਾ ਮਿਲਣ ਕਰਕੇ ਹਰੇ ਚਾਰੇ ਤੇ ਮੱਕੀ ਦੀ ਬਜਾਈ ਪ੍ਰਭਾਵਿਤ ਹੋ ਰਹੀ ਹੈ | ਉਹਨਾਂ ਕਿਹਾ ਕਿ ਇਲਾਕੇ ਵਿੱਚ ਹਰ ਰੋਜ਼ ਲਗਾਤਾਰ ਬਿਜਲੀ ਦੇ ਸਵੇਰੇ ਸ਼ਾਮ ਕੱਟ ਲੱਗ ਰਹੇ ਹਨ ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ | ਉਹਨਾਂ ਕਿਹਾ ਕਿ ਅਗਰ ਸਰਕਾਰ ਵੱਲੋਂ ਬਿਜਲੀ ਸਪਲਾਈ ਦਾ ਕੋਈ ਪੁਖਤਾ ਹੱਲ ਨਾ ਕੀਤਾ ਗਿਆ ਤਾਂ ਉਹ ਮਜ਼ਬੂਰਨ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੜਕਾਂ 'ਤੇ ਸਰਕਾਰ ਤੇ ਬਿਜਲੀ ਵਿਭਾਗ ਦੇ ਖਿਲਾਫ ਰੋਸ ਮੁਜਾਰਾ ਕਰਨ ਲਈ ਤਿਆਰ ਰਹਿਣਗੇ |