ਬੰਗਾ, 26 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)- ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਢਲਾ ਸਿਹਤ ਕੇਂਦਰ ਸੁੱਜੋਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿਖੇ ਵਿਸ਼ਵ ਮਲੇਰੀਆ ਰੋਕੂ ਦਿਵਸ ਮਨਾਇਆ ਗਿਆ | ਇਸ ਮੌਕੇ ਐਸ. ਐਮ. ਓ ਡਾ.ਚਰਨਜੀਤ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਲੇਰੀਆ ਦੀ ਰੋਕਥਾਮ, ਕਾਰਨਾਂ, ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ | ਉਨਾਂ ਕਿਹਾ ਕਿ ਸਰਕਾਰ ਨੇ ਸਾਲ 2030 ਤੱਕ ਮਲੇਰੀਆ ਦਾ ਮੁਕੰਮਲ ਖ਼ਾਤਮਾ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ | ਜਿਸ ਦੀ ਪ੍ਰਾਪਤੀ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ | ਉਨ੍ਹਾਂ ਕਿਹਾ ਕਿ ਮਲੇਰੀਆ ਬੁਖ਼ਾਰ ਦੇ ਲੱਛਣ ਦਿਸਣ 'ਤੇ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਜਾਂਚ ਕਰਵਾਈ ਜਾਵੇ | ਸਰਕਾਰੀ ਸਿਹਤ ਸੰਸਥਾਵਾਂ ਵਿਚ ਮਲੇਰੀਆ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ | ਹੈਲਥ ਇੰਸਪੈਕਟਰ ਰਾਜ ਕੁਮਾਰ ਹੰਸ ਨੇ ਮਲੇਰੀਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੇਰੀਆ ਗੰਭੀਰ ਕਿਸਮ ਦਾ ਬੁਖ਼ਾਰ ਹੈ ਜੋ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਇਹ ਬੁਖ਼ਾਰ ਫੈਲਾਉਣ ਵਾਲਾ ਮੱਛਰ ਬਰਸਾਤ ਦੇ ਮੌਸਮ ਵਿਚ ਵਧਦਾ-ਫੁਲਦਾ ਹੈ | ਖ਼ੂਨ ਦੀ ਜਾਂਚ ਕਰਵਾਉਣ 'ਤੇ ਮਲੇਰੀਆ ਹੋਣ ਜਾਂ ਨਾ ਹੋਣ ਬਾਰੇ ਪਤਾ ਲੱਗ ਜਾਂਦਾ ਹੈ | ਜੇ ਮਲੇਰੀਆ ਨਿਕਲਦਾ ਹੈ ਤਾਂ ਇਸ ਦਾ ਇਲਾਜ ਸੰਭਵ ਹੈ | ਸਕੂਲ ਪਿ੍ੰਸੀਪਲ ਮੈਡਮ ਸੀਮਾ ਨੇ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਬੱਚਿਆਂ ਨੂੰ ਮਲੇਰੀਆ ਸੰਬੰਧੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਸਕੂਲ ਅਧਿਆਪਕ ਅਜੇ ਖਟਕੜ, ਕੁਲਵਿੰਦਰ ਲਾਲ, ਮਾਲਵਿੰਦਰ ਕੌਰ, ਨਿਤਿਨ, ਅੰਜਨੀ, ਸੋਮਾ ਦੇਵੀ ਐਲ ਐਚ ਵੀ, ਮਨਮੋਹਨ ਸਿੰਘ ਸੀ ਐਚ ਓ, ਹਰਪ੍ਰੀਤ ਕੌਰ ਏ ਐਨ ਐਮ, ਮੋਨਿਕਾ ਆਸ਼ਾ ਵਰਕਰ ਸਮੇਤ ਸਕੂਲ ਦੇ ਬੱਚੇ ਮੌਜੂਦ ਸਨ |