ਕਾਠਗੜ੍ਹ, 26 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ) - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਬਲਾਚੌਰ ਰਿਟਾਇਰਡ ਆਈ. ਪੀ. ਐਸ ਅਸ਼ੋਕ ਬਾਠ ਅਤੇ ਭਾਜਪਾ ਦੇ ਸੀਨੀਅਰ ਆਗੂ ਅਤੇ ਰਿਟਾਇਰਡ ਇੰਸਪੈਕਟਰ ਸ਼ੁਭਾਸ਼ ਬਾਠ ਨੇ ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਅਤੇ ਹੋਰ ਆਗੂਆਂ ਦਾ ਨਿੱਘਾ ਸਵਾਗਤ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਪ ਦਾ ਦਬਦਬਾ ਲਗਾਤਾਰ ਘੱਟ ਰਿਹਾ ਹੈ ਅਤੇ ਲੋਕਾਂ ਦੇ ਨਾਲ-ਨਾਲ ਪਾਰਟੀ ਦੇ ਆਪਣੇ ਨੇਤਾਵਾਂ ਦਾ ਭਰੋਸਾ ਵੀ ਡਗਮਗਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਖ਼ਰਾਬ ਕਾਰਜਕਾਲ, ਵਧਦੇ ਭਿ੍ਸ਼ਟਾਚਾਰ ਅਤੇ ਕਾਨੂੰਨ-ਵਿਵਸਥਾ ਦੀ ਨਾਕਾਮੀ ਕਾਰਨ ਸੂਬੇ ਦੇ ਲੋਕ ਨਿਰਾਸ਼ ਹਨ | ਇਸੇ ਕਰਕੇ ਹੁਣ ਕਈ ਨੇਤਾ ਆਪ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਰਹੇ ਹਨ | ਉਨ੍ਹਾਂ ਇਸ ਨੂੰ ਸਹੀ ਸਮੇਂ 'ਤੇ ਲਿਆ ਗਿਆ ਫ਼ੈਸਲਾ ਕਰਾਰ ਦਿੱਤਾ ਅਤੇ ਕਿਹਾ ਕਿ ਭਾਜਪਾ 'ਚ ਆਉਣ ਵਾਲੇ ਹਰ ਨੇਤਾ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਜਾਵੇਗਾ |