ਬੰਗਾ, 26 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)- ਸੁਪਰੀਮ ਕੋਰਟ ਵਲੋਂ ਪਰਲ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਵਾਉਣ ਲਈ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਜਸਟਿਸ ਆਰ. ਐਮ ਲੋਢਾ ਦੀ ਅਗਵਾਈ ਵਾਲੀ ਕਮੇਟੀ ਅਤੇ ਸਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਵਲੋਂ ਫਰਵਰੀ 2026 ਵਿੱਚ ਬਹੁਤ ਸਾਰੇ ਨਿਵੇਸ਼ਕਾਂ ਦੇ ਪੈਸਿਆਂ ਦਾ ਭੁਗਤਾਨ ਆਨਲਾਈਨ ਨਿਵੇਸ਼ਕਾਂ ਦੇ ਖਾਤਿਆਂ ਵਿੱਚ ਕੀਤਾ ਗਿਆ | ਪਰੰਤੂ ਜਿਨ੍ਹਾਂ ਲੋਕਾਂ ਦੇ ਪੈਸਿਆਂ ਦਾ ਭੁਗਤਾਨ ਨਹੀਂ ਹੋਇਆ ਉਨਾਂ ਵਲੋਂ ਕਮੇਟੀ ਦੇ ਪੋਰਟਲ ਨੂੰ ਚੈੱਕ ਕਰਨ 'ਤੇ ਪਤਾ ਲੱਗਾ ਕਿ ਉਹਨਾਂ ਦੇ ਖਾਤਿਆਂ ਵਿੱਚ ਤਰੁੱਟੀਆਂ ਅਤੇ ਕੁਝ ਹੋਰਨਾਂ ਕਾਰਨਾਂ ਕਰਕੇ ਭੁਗਤਾਨ ਰੋਕ ਦਿੱਤਾ ਗਿਆ | ਜਿਸ ਲਈ ਇਨਸਾਫ਼ ਦੀ ਅਵਾਜ਼ ਜਥੇਬੰਦੀ ਦੇ ਕੌਮੀ ਪ੍ਰਧਾਨ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਦੀ ਰਹਿਨੁਮਾਈ ਹੇਠ ਪੂਰੇ ਦੇਸ਼ ਵਿੱਚ ਸੰਘਰਸ਼ ਵਿੱਢਿਆ ਗਿਆ | ਜਿਸ ਦੀ ਬਦੌਲਤ ਵਿੱਤ ਵਿਭਾਗ ਭਾਰਤ ਸਰਕਾਰ ਦੀ ਹਦਾਇਤ 'ਤੇ ਲੋਢਾ ਕਮੇਟੀ ਵਲੋਂ ਪਹਿਲੀਂ ਮਈ ਤੋਂ ਉਨ੍ਹਾਂ ਤਰੁੱਟੀਆਂ ਨੂੰ ਦੂਰ ਕਰਨ ਲਈ ਪੋਰਟਲ ਖੋਲਿ੍ਹਆ ਜਾ ਰਿਹਾ ਹੈ | ਇਸ ਲਈ ਨਿਵੇਸ਼ਕਾਂ ਅਤੇ ਜਥੇਬੰਦੀ ਦੇ ਵਰਕਰਾਂ ਨੂੰ ਜਾਣਕਾਰੀ ਦੇਣ ਲਈ ਇਨਸਾਫ਼ ਦੀ ਅਵਾਜ਼ ਜਥੇਬੰਦੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਤੇ ਪੰਜਾਬ ਕਮੇਟੀ ਦੇ ਵਿੱਤ ਸਕੱਤਰ ਸ. ਗੁਰਦੀਪ ਸਿੰਘ ਝਿੱਕਾ ਦੀ ਰਹਿਨੁਮਾਈ ਹੇਠ 27 ਅਪ੍ਰੈਲ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ - ਬੰਗਾ ਵਿਖੇ ਮੀਟਿੰਗ ਹੋਵੇਗੀ | ਇਸ ਲਈ ਸਬੰਧਤ ਲੋਕਾਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਹਾਜ਼ਰ ਹੋਣ ਲਈ ਸੱਦਾ ਦਿੱਤਾ ਗਿਆ ਹੈ |