ਕਾਠਗੜ੍ਹ, 27 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਦੀਆਂ 6 ਪ੍ਰਮੁੱਖ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਸੁਤੰਤਰਤਾ ਸੈਨਾਨੀ ਹਾਲ ਮੋਗਾ ਵਿਖੇ ਹੋਈ, ਜੋ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦਿਗਵਿਜੇਪਾਲ ਸ਼ਰਮਾ, ਹਰਜਿੰਦਰ ਸਿੰਘ, ਯੁੱਧਜੀਤ ਸਿੰਘ, ਗੁਰਮੇਲ ਸਿੰਘ ਕੁਲਰੀਆਂ, ਸੁਖਚੈਨ ਸਿੰਘ, ਅਜੇ ਸ਼ਰਮਾ, ਬਰਿੰਦਰ ਸਿੰਘ, ਮੰਗਲ ਮਾਨਸਾ ਦੀ ਅਗਵਾਈ ਵਿਚ ਮੀਟਿੰਗ ਹੋਈ | ਇਸ ਮੀਟਿੰਗ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੀਟਿੰਗ 'ਚ ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਦੇ ਪੇ ਸਕੇਲ ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਖ ਮੁੱਦੇ ਵਜੋਂ ਲੈ ਕੇ ਆਈ ਸੀ, ਜਿਸ ਕਰਕੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਵੱਲੋਂ ਇਹਨਾਂ ਨੂੰ ਭਰਵੀਂ ਹਮਾਇਤ ਦੇ ਕੇ ਵੋਟਾਂ ਵਿਚ ਜਿੱਤ ਹਾਸਲ ਕਰਵਾਈ ਸੀ, ਪਰ ਸਰਕਾਰ ਵੱਲੋਂ ਲਗਪਗ ਚਾਰ ਸਾਲ ਤੋਂ ਉੱਪਰ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੀਤੇ ਗਏ ਚੋਣ ਵਾਅਦੇ ਪੂਰੇ ਨਹੀਂ ਕੀਤੇ ਗਏ | ਇਸ ਸਬੰਧੀ ਅਧਿਆਪਕ ਸਾਥੀਆਂ ਨੇ ਦੱਸਿਆ ਕਿ ਆਉਣ ਵਾਲੇ ਕੁਝ ਸਮੇਂ ਵਿਚ ਹੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਜਾਵੇਗਾ ਤੇ ਮੁਲਾਜ਼ਮਾਂ ਪ੍ਰਤੀ ਮਾਰੂ ਨੀਤੀਆਂ ਅਪਣਾਉਣ ਵਾਲੀ ਸਰਕਾਰ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ | ਇਸ ਦੌਰਾਨ ਅਧਿਆਪਕਾਂ ਵਲੋਂ ਦੱਸਿਆ ਗਿਆ ਕਿ 5 ਅਤੇ 6 ਮਈ ਨੂੰ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ ਤੋਂ ਮੁੱਕਰਨ ਖਿਲਾਫ਼ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜੇ ਜਾਣਗੇ | ਇਸ ਦੇ ਨਾਲ-ਨਾਲ ਹੀ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਡੀ.ਪੀ.ਆਈ. ਵਿਖੇ ਮੋਹਾਲੀ ਵਿਖੇ 11 ਮਈ ਨੂੰ ਇੱਕ ਮਾਸ ਡੈਪੂਟੇਸ਼ਨ ਦੇ ਤੌਰ 'ਤੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਮੰਗ ਪੱਤਰ ਸੌਂਪਿਆ ਜਾਵੇਗਾ |