ਕਾਠਗੜ੍ਹ, 27 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾਂਦਾ ਹੈ, ਉਵੇਂ ਹੀ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਵਿਚ ਲੰਮੇ ਸਮੇਂ ਤੋਂ ਕੰਮ ਕਰਦੇ ਵਰਕਰ ਵੀ ਆਪਣੇ ਪਰ ਫੈਲਾਉਂਦੇ ਹੋਏ ਚੋਣਾਂ ਵਿਚ ਆਪਣੀ-ਪਾਰਟੀ ਦੀ ਹਾਈਕਮਾਂਡ ਨੂੰ ਆਪਣੀ ਦਾਅਵੇਦਾਰੀ ਠੋਕਣ ਦੀਆਂ ਅਪੀਲਾਂ ਕਰ ਰਹੇ ਹਨ ਅਤੇ ਆਪਣੇ ਵੱਲੋਂ ਲੰਮਾ ਸਮਾਂ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਦਾ ਬਾਖ਼ੂਬੀ ਜ਼ਿਕਰ ਕਰ ਰਹੇ ਹਨ | ਇਸੇ ਕੜੀ ਤਹਿਤ ਕਾਂਗਰਸ ਪਾਰਟੀ ਦਾ ਇੱਕ ਪੁਰਾਣਾ ਵਰਕਰ ਨਵੀਨ ਚੌਧਰੀ ਆਦੋਆਣਾ ਜੋ ਪਿਛਲੇ 10 ਸਾਲਾਂ ਤੋਂ ਕਾਂਗਰਸ ਪਾਰਟੀ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਦਿਨ-ਰਾਤ ਇੱਕ ਕਰ ਰਿਹਾ ਹੈ | ਉਸ ਨੇ ਵੀ ਪੰਜਾਬ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਚੋਣ ਲੜਨ ਲਈ ਆਪਣੀ ਇੱਛਾ ਜ਼ਾਹਿਰ ਕੀਤੀ ਹੈ, ਉਸਨੇ ਕਾਠਗੜ੍ਹ ਵਿਖੇ ਗੱਲਬਾਤ ਕਰਦਿਆਂ ਦੱਸਿਆ ਕੇ ਪਾਰਟੀ ਦੇ ਹਰ ਵਰਕਰ ਦਾ ਹੱਕ ਹੁੰਦਾ ਹੈ ਕੇ ਉਹ ਪਾਰਟੀ ਹਾਈਕਮਾਂਡ ਤੱਕ ਆਪਣੀ ਚੋਣ ਲੜਨ ਸਬੰਧੀ ਇੱਛਾ ਜ਼ਾਹਿਰ ਕਰੇ | ਇਸੇ ਕਾਰਨ ਮੈ ਵੀ ਬਲਾਚੌਰ ਵਿਧਾਨ ਸਭਾ ਤੋਂ ਚੋਣ ਦਾ ਲੜਨ ਦਾ ਮਨ ਬਣਾ ਲਿਆ ਹੈ | ਨਵੀਨ ਚੌਧਰੀ ਆਦੋਆਣਾ ਨੇ ਕਿਹਾ ਸੀ ਜੇਕਰ ਪਾਰਟੀ ਹਾਈਕਮਾਂਡ ਮੈਨੰੂ ਟਿਕਟ ਦੇ ਦੇਵੇ ਤਾਂ ਮੈ ਆਪਣੇ ਸਾਰੇ ਕਾਂਗਰਸੀ ਆਗੂ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੋਣ ਲੜਾਂਗਾ ਅਤੇ ਜਿੱਤ ਪ੍ਰਾਪਤ ਕਰਕੇ ਕਾਂਗਰਸ ਦਾ ਹੱਥ ਮਜ਼ਬੂਤ ਕਰਾਂਗਾ | ਉਨ੍ਹਾਂ ਕਿਹਾ ਜੇਕਰ ਕਾਂਗਰਸ ਹਾਈਕਮਾਂਡ ਕਿਸੇ ਹੋਰ ਚਿਹਰੇ ਨੂੰ ਟਿਕਟ ਦੇਵੇਗੀ ਤਾਂ ਅਸੀਂ ਬਿਨਾਂ ਸ਼ਰਤ ਉਸ ਉਮੀਦਵਾਰ ਦੀ ਦਿਨ-ਰਾਤ ਇੱਕ ਕਰਕੇ ਮਦਦ ਕਰਦਿਆਂ ਉਸਨੂੰ ਜਿੱਤ ਦਿਵਾ ਕਿ ਕਾਂਗਰਸ ਦੇ ਹੱਥ ਮਜ਼ਬੂਤ ਕਰਾਂਗੇ |