ਸਾਹਲੋਂ, 1 ਮਈ (ਜਰਨੈਲ ਸਿੰਘ ਨਿੱਘ੍ਹਾ) - ਪਿੰਡ ਧਰਮਕੋਟ ਵਿਖੇ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ. ਐੱਲ. ਓ) ਦੇ ਕਨਵੀਨਰ ਬਲਦੇਵ ਭਾਰਤੀ ਦੀ ਅਗਵਾਈ ਵਿੱਚ ਮਜ਼ਦੂਰ ਦਿਵਸ ਮਨਾਇਆ | ਇਸ ਮੌਕੇ ਬਲਦੇਵ ਭਾਰਤੀ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਰਤੀ ਲੋਕਾਂ ਦੀ ਮੁਕਤੀ ਦੇ ਸੰਘਰਸ਼ ਦੇ ਸ਼ਾਨਾਮੱਤੇ ਅਤੇ ਗੌਰਵਮਈ ਵਿਰਸੇ ਦਾ ਪ੍ਰਤੀਕ ਮਈ ਦਿਵਸ (ਮਜ਼ਦੂਰ ਦਿਵਸ) ਦੁਨੀਆ ਦੇ ਕੋਨੇ-ਕੋਨੇ ਵਿੱਚ ਮਨਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਅੱਜ ਤੋਂ 140 ਸਾਲ ਪਹਿਲਾਂ 1 ਮਈ 1886 ਨੂੰ ਅਮਰੀਕਾ ਦੇ ਈਲੀਅਨਜ਼ ਪ੍ਰਾਂਤ ਦੇ ਸ਼ਹਿਰ ਸ਼ਿਕਾਗੋ ਅਤੇ ਕਈ ਹੋਰ ਹਿੱਸਿਆਂ ਵਿੱਚ ਰਜਵਾੜੇ ਸ਼ਾਹੀ ਵਲੋਂ ਮਜ਼ਦੂਰਾਂ ਦੇ ਕੀਤੇ ਜਾ ਰਹੇ ਅੰਨ੍ਹੇ ਸ਼ੋਸ਼ਣ ਦੇ ਖਿਲਾਫ ਮਜ਼ਦੂਰਾਂ ਦੀ ਅਣਖ ਦਾ ਲਾਵਾ ਤਿੱਖੇ ਸੰਘਰਸ਼ ਦੇ ਰੂਪ ਵਿੱਚ ਫੁੱਟਿਆ ਸੀ | ਉਨ੍ਹਾਂ ਨੇ ਦੱਸਿਆ ਕਿ ਇਸ ਸੰਘਰਸ਼ ਦੌਰਾਨ ਮਜ਼ਦੂਰ ਸਫੈਦ ਰੰਗ ਦੇ ਝੰਡੇ ਹੇਠ ਸੰਘਰਸ਼ ਕਰ ਰਹੇ ਸਨ | ਉਸ ਸਮੇਂ ਇੱਕ ਮਜ਼ਦੂਰ ਮਾਂ ਦੀ ਗੋਦ ਵਿੱਚ ਪਿਆ ਇੱਕ ਬੱਚਾ ਪੁਲਿਸ ਦੇ ਤਸ਼ੱਦਦ ਕਾਰਨ ਜ਼ਖਮੀ ਹੋ ਗਿਆ | ਉਸਦੀ ਮਾਂ ਨੇ ਉਸਨੂੰ ਬਚਾਉਣ ਲਈ ਸਫੈਦ ਝੰਡੇ ਵਿੱਚ ਲਪੇਟ ਦਿੱਤਾ | ਉਸ ਬੱਚੇ ਦੇ ਜ਼ਖਮਾਂ ਦੇ ਖੂਨ ਦਾ ਵਹਾਅ ਇੰਨਾ ਸੀ ਕਿ ਖੂਨ ਨਾਲ ਲੱਥ ਪੱਥ ਸਫੈਦ ਝੰਡਾ ਲਾਲ ਸੂਹਾ ਹੋ ਗਿਆ | ਬੱਚੇ ਦੀ ਇਸ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਬਾਅਦ ਵਿੱਚ ਸੰਘਰਸ਼ ਦੇ ਸਫੈਦ ਝੰਡੇ ਦਾ ਰੰਗ ਲਾਲ ਸੂਹਾ ਕਰ ਦਿੱਤਾ ਗਿਆ | ਮਜ਼ਦੂਰ ਯੌਧਿਆਂ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ | ਫਾਂਸੀ ਦਾ ਰੱਸਾ ਚੁੰਮਣ ਸਮੇਂ ਆਗਸਤ ਸਪਾਈਜ਼ ਨੇ ਕਿਹਾ ਸੀ ਕਿ 'ਇੱਕ ਸਮਾਂ ਆਵੇਗਾ ਜਦੋਂ ਸਾਡੀ ਚੁੱਪ ਸ਼ਬਦਾਂ ਨਾਲੋਂ ਜ਼ਿਆਦਾ ਬੋਲੇਗੀ' | ਸ਼ਹੀਦਾਂ ਦੀ ਇਸ ਸ਼ਹਾਦਤ ਨੇ ਪੂਰੀ ਦੁਨੀਆ ਨੂੰ ਹਲੂੰਣਿਆ ਅਤੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ | ਉਨ੍ਹਾਂ ਦੱਸਿਆ 1890 ਤੋਂ ਹਰ ਸਾਲ ਪਹਿਲੀ ਮਈ ਦੇ ਦਿਨ ਨੂੰ ਮਜ਼ਦੂਰ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਿਰਤੀਆਂ ਦੇ ਇਨਕਲਾਬੀ ਦਿਹਾੜੇ ਵਜੋਂ 'ਮਈ ਦਿਵਸ' ਮਨਾਉਣ ਦਾ ਫੈਸਲਾ ਕੀਤਾ ਗਿਆ | ਭਾਰਤ ਵਿੱਚ ਸਭ ਤੋਂ ਪਹਿਲਾਂ 1 ਮਈ 1923 ਨੂੰ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਹੋਈ ਸੀ | ਇਸ ਮੌਕੇ ਸਮੂਹ ਪਿੰਡ ਵਾਸੀ ਹਾਜ਼ਰ ਸਨ |