ਬਲਾਚੌਰ, 1 ਮਈ (ਦੀਦਾਰ ਸਿੰਘ ਬਲਾਚੌਰੀਆ)- ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ ਸੀ.ਪੀ.ਆਈ (ਐਮ) ਦੇ ਤਹਿਸੀਲ ਪੱਧਰੀ ਦਫ਼ਤਰ ਦੀ ਇਮਾਰਤ ਉੱਪਰ ਕਮਿਊਨਿਸਟਾਂ ਦਾ ਅੰਤਰਰਾਸ਼ਟਰੀ ਝੰਡਾ ਝੁਲਾਇਆ ਗਿਆ | ਇਸ ਮੌਕੇ ਸੀ.ਪੀ.ਆਈ. ਐਮ ਦੇ ਤਹਿਸੀਲ ਸਕੱਤਰ ਕਾਮਰੇਡ ਪ੍ਰੇਮ ਰੱਕੜ ਨੇ ਕਿਹਾ ਕਿ ਮਜ਼ਦੂਰ ਜਮਾਤ ਦਾ ਸੰਘਰਸ਼ ਜਿੱਤ ਪ੍ਰਾਪਤ ਕਰੇਗਾ | ਅੰਤਰਰਾਸ਼ਟਰੀ ਸਾਮਰਾਜੀ ਅਤੇ ਦੇਸ਼ ਦੇ ਪੂੰਜੀਪਤੀ, ਕਾਰਪੋਰੇਟ ਘਰਾਣੇ, ਸਰਮਾਏਦਾਰ ਆਪਣੀ ਪੂੰਜੀ ਵਿੱਚ ਅਥਾਹ ਇਜ਼ਾਫਾ ਕਰਨ ਲਈ ਲਗਾਤਾਰ ਮਜ਼ਦੂਰ ਵਰਗ ਉੱਤੇ ਅੱਤਿਆਚਾਰ ਕਰ ਰਹੇ ਹਨ | ਮਜ਼ਦੂਰ ਵਿਰੋਧੀ ਕਾਨੂੰਨ ਬਣਾਏ ਗਏ ਹਨ, ਮਜ਼ਦੂਰ ਪੱਖੀ 29 ਕਾਨੂੰਨ ਸਮਾਪਤ ਕਰਕੇ ਉਦਯੋਗਪਤੀ ਪੱਖੀ 4 ਕਿਰਤ ਕੋਡ ਲਾਗੂ ਕੀਤੇ ਗਏ ਹਨ | ਸਾਥੀ ਰੱਕੜ ਨੇ ਮਜ਼ਦੂਰ ਜਮਾਤ ਨੂੰ ਅਪੀਲ ਕੀਤੀ ਕਿ ਉਹ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਅਤੇ ਸੰਘਰਸ਼ ਨੂੰ ਤੇਜ਼ ਕਰਕੇ ਚੁਣੌਤੀਆਂ ਦਾ ਮੁਕਾਬਲਾ ਕੀਤਾ ਜਾਵੇ |