ਭੂਰੀਵਾਲੇ ਸੰਪਰਦਾਇ ਅਧਿਆਤਮ ਦੇ ਨਾਲ-ਨਾਲ ਸਮਾਜ ਸੇਵਾ ਵਿਚ ਵੀ ਮੋਹਰੀ-ਮੁਕੇਸ਼ ਅਗਨੀਹੋਤਰੀ
ਪੋਜੇਵਾਲ ਸਰਾਂ, 3 ਮਈ (ਨਵਾਂਗਰਾਈਾ)-ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਬ੍ਰਹਮਲੀਨ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆ ਦੇ 24ਵੇਂ ਨਿਰਵਾਣ ਦਿਵਸ ਸੰਬੰਧੀ ਹੋਏ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਹੋਏ ਸਲਾਨਾ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਤੋਂ ਆਸ਼ੀਰਵਾਦ ਲਿਆ | ਸਮਾਗਮ ਤੋਂ ਬਾਅਦ ਗੱਲਬਾਤ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਭੂਰੀਵਾਲੇ ਸੰਪਰਦਾਇ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਉਤਰਾਖੰਡ ਆਦਿ ਸਮੇਤ ਕਈ ਪ੍ਰਦੇਸ਼ਾਂ ਵਿਚ ਫੈਲਿਆ ਹੋਇਆ ਤੇ ਲੋਕਾਂ ਨੂੰ ਅਧਿਆਤਮ ਤੇ ਸਮਾਜ ਸੇਵਾ ਨਾਲ ਜੋੜ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਹ ਜਦੋਂ ਆ ਰਹੇ ਸਨ ਤਾਂ ਉਨ੍ਹਾਂ ਰਸਤੇ ਵਿਚ ਦੇਖਿਆ ਕਿ ਭੂਰੀਵਾਲੇ ਸੰਪਰਦਾਇ ਵਲੋਂ ਬੇਸਹਾਰਾ ਪਸ਼ੂਆਂ ਅਤੇ ਜੰਗਲੀ ਜੀਵ ਜੰਤੂਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ ਤੇ ਉਨ੍ਹਾਂ ਨੂੰ ਇਸ ਗੱਲ ਤੋਂ ਇੰਨੀ ਪ੍ਰੇਰਨਾ ਮਿਲੀ ਕਿ ਉਹ ਜਾ ਕੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਜੰਗਲ਼ੀ ਜਾਨਵਰਾਂ ਤੇ ਜੀਵ ਜੰਤੂਆ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਰਕਾਰ ਵਲੋਂ ਕਰਨਗੇ | ਉਨ੍ਹਾਂ ਕਿਹਾ ਕਿ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਸੰਪਰਦਾਇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਦੀ ਅਗਵਾਈ ਵਿਚ ਜਿੱਥੇ ਲੋਕਾਂ ਨੂੰ ਅਧਿਆਤਮਵਾਦ ਨਾਲ ਜੋੜ ਰਿਹਾ ਹੈ ਉਥੇ ਸਮਾਜ ਸੇਵਾ ਦੇ ਖੇਤਰ ਵਿਚ ਵੀ ਅਹਿਮ ਕੰਮ ਕਰਕੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ, ਜਿਸ ਲਈ ਸਵਾਮੀ ਚੇਤਨਾ ਨੰਦ ਤੇ ਪੂਰੀ ਸੰਗਤ ਵਧਾਈ ਦੀ ਪਾਤਰ ਹੈ | ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਪਿੰਡ ਬੀਟਨ ਵਿਖੇ ਸਰਕਾਰ ਵਲੋਂ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ ਦੀ ਯਾਦ ਵਿਚ 3 ਕਰੋੜ ਦੀ ਲਾਗਤ ਨਾਲ ਹਸਪਤਾਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਸਵਾਮੀ ਚੇਤਨਾ ਨੰਦ ਉਨ੍ਹਾਂ ਦੀ ਜੋ ਵੀ ਡਿਊਟੀ ਲਗਾਉਣਗੇ ਕਿਉਂਕਿ ਅੱਜ ਕੋਈ ਐਲਾਨ ਨਹੀਂ ਕਰ ਸਕਦੇ ਕਿਉਂਕਿ ਹਿਮਾਚਲ ਪ੍ਰਦੇਸ਼ ਵਿਚ ਪੰਚਾਇਤੀ ਚੋਣਾਂ ਕਾਰਨ ਚੋਣ ਜ਼ਾਬਤਾ ਲੱਗਿਆ ਹੋਇਆ ਹੈ | ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ ਬਲਾਚੌਰ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ ਗੜ੍ਹਸ਼ੰਕਰ, ਅਜੇ ਕੁਮਾਰ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਆਦਿ ਵੀ ਹਾਜ਼ਰ ਸਨ | ਇਸ ਮੌਕੇ ਮੁਕੇਸ਼ ਅਗਨੀਹੋਤਰੀ ਨੇ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਨੂੰ ਹਿਮਾਚਲੀ ਟੋਪੀ ਤੇ ਲੋਈ ਦੇ ਕੇ ਸਨਮਾਨਿਤ ਕੀਤਾ |
ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਭੂਰੀਵਾਲਿਆਂ ਦੇ ਸਾਲਾਨਾ ਸਮਾਗਮ 'ਚ ਹੋਏ ਸ਼ਾਮਿਲ
ਅਜੀਤ ਡੈਸਕ
04-05-2026