ਗੁਣਾਚੌਰ, 11 ਮਈ (ਅਮਰੀਕ ਕਟਾਰੀਆ)-ਸੜਕਾਂ ਦੇ ਕਿਨਾਰੇ ਵੱਡੀ ਗਿਣਤੀ ਵਿਚ ਸੁੱਕੇ ਦਰੱਖਤ ਖੜ੍ਹੇ ਹਨ ਜੋ ਕਿ ਕਦੇ ਵੀ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੇ ਹਨ | ਸੜਕਾਂ 'ਤੇ ਸੈਂਕੜੇ ਦਰੱਖਤ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ, ਜੋ ਤੇਜ਼ ਹਵਾ ਜਾਂ ਹਲਕੀ ਬਾਰਿਸ਼ ਨਾਲ ਕਿਸੇ ਵੇਲੇ ਵੀ ਡਿੱਗ ਸਕਦੇ ਹਨ | ਪਿਛਲੇ ਸਾਲ ਬੰਗਾ-ਮੁਕੰਦਪੁਰ ਸੜਕ ਉੱਪਰ ਤੇਜ਼ ਹਨੇਰੀ ਨਾਲ ਪਿੰਡ ਗਹਿਲ ਮਜਾਰੀ ਦੇ ਨਜ਼ਦੀਕ ਇਕ ਦਰਖਤ ਡਿੱਗ ਗਿਆ ਸੀ, ਜਿਸ ਦੀ ਲਪੇਟ ਵਿਚ ਬੱਲੋਵਾਲ ਨਿਵਾਸੀ ਸੇਵਾ ਮੁਕਤ ਵੈਟਰਨਰੀ ਡਾਕਟਰ ਤੇ ਉਸ ਦੀ ਨੌਜਵਾਨ ਧੀ ਆ ਗਏ ਸਨ | ਹਾਦਸੇ ਵਿਚ ਵੈਟਰਨਰੀ ਡਾਕਟਰ ਜੋ ਬੰਗਾ ਨੂੰ ਜਾ ਰਿਹਾ ਸੀ ਉਸਦੇ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ | ਇਸ ਤੋਂ ਬਿਨਾ ਬੰਗਾ-ਨਵਾਂ ਸ਼ਹਿਰ ਹਾਈਵੇ ਉੱਪਰ ਵੀ ਇਹੋ ਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ | ਪਿੰਡ ਗੁਣਾਚੌਰ ਤੋਂ ਬੰਗਾ ਸ਼ਹਿਰ ਤੱਕ ਅੱਜ ਦੀ ਤਰੀਕ 'ਚ ਵੀ ਬਹੁਤ ਸਾਰੇ ਸੁੱਕੇ ਦਰੱਖਤ ਖੜੇ੍ਹ ਹਨ, ਜਿਹੜੇ ਕਦੇ ਵੀ ਕਿਸੇ ਉੱਪਰ ਡਿੱਗ ਸਕਦੇ ਹਨ ਜਾਂ ਆਵਾਜਾਈ ਨੂੰ ਪ੍ਰਭਾਵਿਤ ਕਰ ਸਕਦੇ ਹਨ | ਸਮੇਂ-ਸਮੇਂ 'ਤੇ ਅਖਬਾਰਾਂ ਵਿਚ ਇਨ੍ਹਾਂ ਸੁੱਕੇ ਦਰੱਖਤਾਂ ਸੰਬੰਧੀ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਪਰ ਫਿਰ ਵੀ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਨਹੀਂ ਸਰਕਦੀ | ਸੇਵਾ ਮੁਕਤ ਸੀਨੀਅਰ ਮੈਡੀਕਲ ਅਫਸਰ ਡਾ. ਨਿਰੰਜਨ ਪਾਲ ਨੇ ਇਸ ਸੰਬੰਧੀ ਕਿਹਾ ਕਿ ਸੜਕਾਂ ਦੇ ਦੋਨੋਂ ਪਾਸੇ ਸੁੱਕੇ ਦਰਖਤਾਂ ਦੀ ਸਮੱਸਿਆ ਸੰਬੰਧੀ ਸਰਕਾਰਾਂ ਸੁਚੇਤ ਨਹੀਂ ਹਨ | ਇਸੇ ਕਰਕੇ ਅਕਸਰ ਰਾਹਗੀਰ ਜ਼ਖ਼ਮੀ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸੜਕਾਂ ਦੇ ਦੁਆਲੇ ਪੁੱਟੇ ਗਏ ਡੂੰਘੇ ਟੋਏ ਜਿਨ੍ਹਾਂ ਵਿਚ ਇਹ ਦਰੱਖਤ ਵੱਧ ਫੁੱਲ ਰਹੇ ਹਨ ਜਦੋਂ ਬਰਸਾਤਾਂ ਵਿਚ ਲਗਾਤਾਰ ਬਾਰਿਸ਼ ਹੁੰਦੀ ਹੈ ਤਾਂ ਇਨ੍ਹਾਂ ਖੱਡਿਆਂ ਵਿਚ ਪਾਣੀ ਇਹ ਡੂੰਘੇ ਟੋਏ ਪਾਣੀ ਨਾਲ ਭਰ ਜਾਂਦੇ ਹਨ, ਜਿਸ ਨਾਲ ਦਰੱਖਤਾਂ ਦੀਆਂ ਜੜਾਂ ਕੰਮਜ਼ੋਰ ਹੋ ਜਾਂਦੀਆਂ ਹਨ ਫਿਰ ਜਦੋਂ ਥੋੜੀ ਹਨੇਰੀ ਜਾਂ ਤੇਜ਼ ਹਵਾ ਚਲਦੀ ਹੈ ਤਾਂ ਇਹ ਦਰੱਖਤ ਹਾਦਸਿਆਂ ਨੂੰ ਜਨਮ ਦਿੰਦੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਸਿਰਫ਼ ਦਰੱਖਤ ਲਾਉਣ ਦੀ ਫੋਟੋ ਖਿਚਵਾਉਂਦੇ ਹਨ ਪਰ ਰੱਖ-ਰਖਾਵ ਜਾਂ ਉਨ੍ਹਾਂ ਬੂਟਿਆਂ ਦੇ ਪਾਲਣ ਪੋਸ਼ਣ ਵੱਲ ਕੋਈ ਧਿਆਨ ਨਹੀਂ ਦਿੰਦਾ | ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਜਿੰਦਗੀਆਂ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ | ਸਗੋਂ ਉਨ੍ਹਾਂ ਦੀਆਂ ਜ਼ਿੰਦਗੀ ਬਚਾਉਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ |