ਜਾਡਲਾ, 11 ਮਈ (ਹਰਕੰਵਲ ਸਿੰਘ ਕੌਲਗੜ੍ਹ)-ਬਲਾਚੌਰ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਚੰਡੀਗੜ੍ਹ ਸਥਿਤ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਪਾਰਟੀ ਪ੍ਰਧਾਨ ਨੂੰ ਬਲਾਚੌਰ ਵਿਧਾਨ ਸਭਾ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ ਤੋਂ ਜਾਣੂ ਕਰਵਾਇਆ | ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਬਲਾਚੌਰ ਹਲਕੇ ਤੋਂ ਪਾਰਟੀ ਵਲੋਂ ਕੋਈ ਮਜ਼ਬੂਤ, ਜੁਝਾਰੂ ਤੇ ਲੋਕਾਂ 'ਚ ਹਰਮਨ-ਪਿਆਰਾ ਉਮੀਦਵਾਰ ਉਤਾਰਿਆ ਜਾਵੇ | ਜੇਕਰ ਪਾਰਟੀ ਇਸ ਵਾਰ ਸਹੀ ਚੋਣ ਕਰਦੀ ਹੈ ਤਾਂ ਬਲਾਚੌਰ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣ ਸਕਦੀ ਹੈ | ਸੁਖਬੀਰ ਸਿੰਘ ਬਾਦਲ ਨੇ ਆਗੂਆਂ ਦੀਆਂ ਗੱਲਾਂ ਗੰਭੀਰਤਾ ਨਾਲ ਸੁਣੀਆਂ ਤੇ ਭਰੋਸਾ ਦਿੱਤਾ ਕਿ ਬਲਾਚੌਰ ਹਲਕੇ 'ਚ ਵਰਕਰਾਂ ਦੀਆਂ ਭਾਵਨਾਵਾਂ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਸਰਵੇ ਤੇ ਵਰਕਰਾਂ ਦੀ ਰਾਏ ਦੇ ਆਧਾਰ 'ਤੇ ਹੀ ਟਿਕਟਾਂ ਵੰਡੇਗੀ | ਮੁਲਾਕਾਤ ਮਗਰੋਂ ਬਾਹਰ ਆਏ ਆਗੂਆਂ ਨੇ 'ਅਜੀਤ' ਦੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦੇ ਹੋਏ ਅਸ਼ੋਕ ਕੁਮਾਰ ਨਾਨੋਵਾਲ, ਚੌਧਰੀ ਆਰ. ਪੀ. ਸਿੰਘ, ਜੋਗਿੰਦਰ ਸਿੰਘ ਅਟਵਾਲ, ਅਸ਼ੋਕ ਬਜਾੜ, ਗੁਰਪ੍ਰੀਤ ਗੁੱਜਰ, ਰਮਨ ਨੰਦ ਲਾਲ, ਨਿਰਵੈਲ ਸਿੰਘ ਥਾਂਦੀ, ਸਤਨਾਮ ਸਿੰਘ ਸਹੂੰਗੜਾ, ਅਜਮੇਰ ਸਿੰਘ ਭਾਰਾਪੁਰ, ਗੁਰਨਾਮ ਸਿੰਘ ਜੋਗੇਵਾਲ, ਜਥੇਦਾਰ ਹਜ਼ੂਰਾ ਸਿੰਘ ਪੈਲੀ, ਸਤਿੰਦਰ ਸਿੰਘ ਸਜਾਵਲਪੁਰ, ਹਰਨੇਕ ਸਿੰਘ ਥਿਆੜਾ, ਸੰਮਤੀ ਮੈਂਬਰ ਗੁਰਵਿੰਦਰ ਸਿੰਘ ਗਿਫ਼ਟੀ, ਰਣਬੀਰ ਸਿੰਘ ਭੱਟੀ, ਅਸ਼ਵਨੀ ਬੱਗੂਵਾਲ, ਗੁਰਦੀਪ ਸਿੰਘ ਬਕਾਪੁਰ ਸਰਕਲ ਪ੍ਰਧਾਨ ਮਜਾਰੀ, ਸ਼ੰਮੀ ਸਰਪੰਚ ਉਧਨੋਵਾਲ, ਸ਼ੰਮੀ ਜਲਾਲਪੁਰ, ਬੱਬੂ ਬੂਥਗੜ੍ਹ, ਸੁਖਵਿੰਦਰ ਸਿੰਘ ਠਠਿਆਲਾ ਢਾਹਾਂ, ਪਵਨ ਕੁੱਕੜਸੂਹਾ, ਪੰਮਾ ਬਾਂਠ ਨੇ ਕਿਹਾ ਕਿ ਅਸੀਂ ਆਪਣੀ ਗੱਲ ਪਾਰਟੀ ਪ੍ਰਧਾਨ ਅੱਗੇ ਰੱਖ ਦਿੱਤੀ ਹੈ | ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਹਾਈਕਮਾਨ ਬਲਾਚੌਰ ਦੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰੇਗੀ ਤੇ 2027 'ਚ ਹਲਕੇ 'ਚੋਂ ਅਕਾਲੀ ਦਲ ਦਾ ਝੰਡਾ ਫਿਰ ਲਹਿਰਾਏਗਾ |