ਰਾਹੋਂ, 13 ਮਈ (ਉਂਕਾਰ ਸਿੰਘ ਰਾਠੋਰ)-ਰਾਹੋਂ ਪੁਲਿਸ ਵਲੋਂ ਬੀਤੀ ਕੱਲ ਹੈਰੋਇਨ ਦਾ ਸੇਵਨ ਕਰਦੇ ਦੋ ਨੌਜਵਾਨਾਂ ਨੂੰ ਰੰਗੇ ਹੱਥੀਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਪੁਲਿਸ ਪਾਰਟੀ ਜਦੋਂ ਗਸ਼ਤ ਕਰਦੀ ਹੋਈ ਰਾਹੋਂ ਬਿਸਤ ਦੁਆਬ ਨਹਿਰ ਦੇ ਨਾਲ-ਨਾਲ ਗੁਰਨਾਨਕਪੁਰਾ ਸਾਈਡ ਨੂੰ ਜਾ ਰਹੇ ਸੀ ਤਾਂ ਰੇਲਵੇ ਫਾਟਕ ਕਰਾਸ ਕਰਕੇ ਖੱਬੇ ਪਾਸੇ ਦੋ ਨੌਜਵਾਨ ਸ਼ੱਕੀ ਹਾਲਤ 'ਚ ਝਾੜੀਆਂ ਕੋਲ ਹਰਕਤ ਕਰਦੇ ਦਿਖਾਈ ਦਿੱਤੇ | ਉਹਨਾਂ ਨੂੰ ਫੜਨ ਉਪਰੰਤ ਉਹਨਾਂ ਕੋਲੋਂ ਸਿਲਵਰ ਪੇਪਰ, ਲਾਈਟਰ, ਮਰੋੜਿਆ ਹੋਇਆ 10 ਰੁਪਏ ਦਾ ਨੋਟ, ਖਾਲੀ ਪਾਣੀ ਦੀ ਬੋਤਲ ਆਦਿ ਬਰਾਮਦ ਹੋਈ | ਪੁਲਿਸ ਪਾਰਟੀ ਵਲੋਂ ਉਹਨਾਂ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ | ਥਾਣਾ ਮੁਖੀ ਨੇ ਆਖਿਆ ਕਿ ਨੌਜਵਾਨਾਂ ਨੂੰ ਗਿ੍ਫਤਾਰ ਕਰ ਲਿਆ ਹੈ ਤੇ ਉਹਨਾਂ ਦੀ ਪਹਿਚਾਣ ਬਿੱਲਾ ਪੁੱਤਰ ਨਬੀ ਬਖਸ਼ ਵਾਸੀ ਮੁਹੱਲਾ ਡਾ. ਭੀਮ ਰਾਓ ਅੰਬੇਡਕਰ ਨਗਰ ਰਾਹੋਂ ਤੇ ਦੂਜੇ ਨੌਜਵਾਨ ਦੀ ਪਹਿਚਾਣ ਮਾਸੂਮ ਅਲੀ ਪੁੱਤਰ ਫਰੀਦ ਮੁਹਮੰਦ ਵਾਸੀ ਮੁਹੱਲਾ ਡਾ. ਭੀਮ ਰਾਓ ਅੰਬੇਡਕਰ ਰਾਹੋਂ ਵਜੋਂ ਹੋਈ | ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਨੌਜਵਾਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ | ਇਸ ਮੌਕੇ ਐਸ.ਐਚ.ਓ ਵਰਿੰਦਰ ਕੁਮਾਰ ਨਾਲ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ |