ਜਾਡਲਾ, 13 ਮਈ (ਹਰਕੰਵਲ ਸਿੰਘ ਕੌਲਗੜ੍ਹ)-ਕਸਬਾ ਜਾਡਲਾ ਤੋਂ ਉਟਾਲਾਂ ਹੁੰਦੇ ਹੋਏ ਮੀਰਪੁਰ ਜੱਟਾਂ ਅਤੇ ਬੇਟ ਖੇਤਰ ਨੂੰ ਜਾਂਦੀਆਂ ਸੜਕ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ | ਸਰਕਾਰ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦੀ ਇਹ ਸੜਕ ਮੂੰਹ-ਬੋਲਦੀ ਤਸਵੀਰ ਬਿਆਨ ਕਰ ਰਹੀ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸੜਕ 'ਤੇ ਆਉਣਾ-ਜਾਣਾ ਬਹੁਤ ਔਖਾ ਹੋ ਗਿਆ ਹੈ | ਹਾਲਾਤ ਇਹ ਹਨ ਕਿ ਪਤਾ ਹੀ ਨਹੀਂ ਲੱਗਦਾ ਸੜਕ ਕਿੱਥੇ ਹੈ ਤੇ ਟੋਏ ਕਿੱਥੇ ਹਨ, ਪੂਰੀ ਸੜਕ ਟੋਇਆਂ 'ਚ ਤਬਦੀਲ ਹੋ ਚੁੱਕੀ ਹੈ | ਬਰਸਾਤ ਦੇ ਦਿਨਾਂ 'ਚ ਇਹ ਸੜਕ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ | ਜਿਸ ਨਾਲ ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ | ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦੀ ਮਾੜੀ ਹਾਲਾਤ ਹੋਣ ਕਾਰਨ ਤੇਲ ਤੇ ਸਮਾਂ ਦੋਵੇਂ ਬਰਬਾਦ ਹੁੰਦੇ ਹਨ | ਦੁਕਾਨਦਾਰਾਂ ਦਾ ਕੰਮ-ਧੰਦਾ ਵੀ ਪ੍ਰਭਾਵਿਤ ਹੋ ਰਿਹਾ ਹੈ, ਕਿਉਂਕਿ ਗਾਹਕ ਖਰਾਬ ਸੜਕ ਕਾਰਨ ਆਉਣ ਤੋਂ ਗੁਰੇਜ਼ ਕਰਦੇ ਹਨ | ਪਿੰਡ ਵਾਸੀਆਂ ਮੁਤਾਬਕ ਪਿਛਲੇ 7-8 ਸਾਲਾਂ ਤੋਂ ਇਸ ਸੜਕ ਦੀ ਕੋਈ ਸਾਰ ਨਹੀਂ ਲਈ ਗਈ | ਚੋਣਾਂ ਵੇਲੇ ਆਗੂ ਵਾਅਦੇ ਕਰਕੇ ਚਲੇ ਜਾਂਦੇ ਹਨ, ਪਰ ਸੜਕ ਉਵੇਂ ਦੀ ਉਵੇਂ ਪਈ ਹੈ | ਵਿਧਾਇਕ ਤੋਂ ਲੈ ਕੇ ਐਮ.ਪੀ ਤੱਕ ਸਭ ਨੂੰ ਕਈ ਵਾਰ ਮੰਗ ਪੱਤਰ ਦਿੱਤੇ, ਪਰ ਕੋਈ ਸੁਣਵਾਈ ਨਹੀਂ ਹੋਈ | ਜਾਡਲਾ, ਉਟਾਲਾਂ ਤੇ ਮੀਰਪੁਰ ਜੱਟਾਂ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਅਤੇ ਪੀ.ਡਬਲਿਊ.ਡੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ, ਤਾਂ ਜੋ ਰੋਜ਼ਾਨਾ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ, ਉਹ ਦੂਰ ਹੋਵੇ, ਉਨ੍ਹਾਂ ਕਿਹਾ ਕਿ ਵਿਕਾਸਸਿਰਫ਼ ਬੋਰਡਾਂ 'ਤੇ ਨਹੀਂ, ਜ਼ਮੀਨ 'ਤੇ ਵੀ ਦਿਖਣਾ ਚਾਹੀਦਾ ਹੈ |