ਨਵਾਂਸ਼ਹਿਰ, 13 ਮਈ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਿਹਤ ਸੰਸਥਾਵਾਂ ਵਿੱਚ ਅੱਗ ਵਰਗੀਆਂ ਐਮਰਜੈਂਸੀ ਘਟਨਾਵਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਚੌਕਸ ਹੈ | ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਫਾਇਰ ਸੇਫਟੀ ਵੀਕ ਦੇ ਸੰਦਰਭ ਵਿੱਚ ਅੱਗ ਵਰਗੀਆਂ ਘਟਨਾਵਾਂ ਤੋਂ ਬਚਾਅ ਅਤੇ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਫਾਇਰ ਸੇਫਟੀ ਮੌਕ ਡਰਿੱਲ ਕਰਵਾਈ ਗਈ | ਮੌਕ ਡਰਿੱਲ ਦੌਰਾਨ ਤਕਨੀਕੀ ਮਾਹਰਾਂ ਵੱਲੋਂ ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ ਅਤੇ ਹੋਰ ਕਰਮਚਾਰੀਆਂ ਨੂੰ ਅੱਗ ਲੱਗਣ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ, ਮਰੀਜ਼ਾਂ ਦੀ ਸੁਰੱਖਿਅਤ ਨਿਕਾਸੀ ਅਤੇ ਫਾਇਰ ਸੇਫਟੀ ਉਪਕਰਣਾਂ ਦੀ ਸਹੀ ਵਰਤੋਂ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਐਮਰਜੈਂਸੀ ਹਾਲਾਤਾਂ ਵਿੱਚ ਤੁਰੰਤ ਰਿਸਪਾਂਸ ਅਤੇ ਟੀਮ ਵਰਕ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ | ਇਸ ਮੌਕੇ ਐੱਸ. ਐੱਮ. ਓ. ਡਾ. ਸਤਵਿੰਦਰਪਾਲ ਸਿੰਘ ਨੇ ਕਿਹਾ ਕਿ ਹਸਪਤਾਲਾਂ ਵਰਗੀਆਂ ਸੰਵੇਦਨਸ਼ੀਲ ਸੰਸਥਾਵਾਂ ਵਿੱਚ ਫਾਇਰ ਸੇਫਟੀ ਨੂੰ ਲੈ ਕੇ ਹਰ ਕਰਮਚਾਰੀ ਦਾ ਸਚੇਤ ਅਤੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ | ਕਿਸੇ ਵੀ ਐਮਰਜੈਂਸੀ ਦੌਰਾਨ ਘਬਰਾਉਣ ਦੀ ਬਜਾਏ ਸਹੀ ਸਮੇਂ ਸਹੀ ਕਦਮ ਚੁੱਕਣਾ ਹੀ ਜਾਨਾਂ ਬਚਾ ਸਕਦਾ ਹੈ |ਉਨ੍ਹਾਂ ਕਿਹਾ ਕਿ ਅਜਿਹੀਆਂ ਮੌਕ ਡਰਿੱਲਾਂ ਸਿਰਫ਼ ਰਸਮੀ ਕਾਰਵਾਈ ਹੀ ਨਹੀਂ, ਸਗੋਂ ਜਾਨ-ਮਾਲ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਅਭਿਆਸ ਹਨ | ਇਸੇ ਦੌਰਾਨ ਫਾਇਰ ਸੇਫਟੀ ਸਬੰਧੀ ਸਹੁੰ ਸਮਾਗਮ ਅਤੇ ਨਰਸਿੰਗ ਵਿਦਿਆਰਥੀਆਂ ਦੀ ਪੋਸਟਰ ਮੇਕਿੰਗ ਗਤੀਵਿਧੀ ਕਰਵਾ ਕੇ ਅੱਗ ਤੋਂ ਬਚਾਅ ਅਤੇ ਸੁਰੱਖਿਆ ਸਬੰਧੀ ਪ੍ਰਭਾਵਸ਼ਾਲੀ ਸੰਦੇਸ਼ ਦਿੱਤੇ ਗਏ |