ਜਾਡਲਾ, 21 ਮਈ (ਹਰਕੰਵਲ ਸਿੰਘ ਕੌਲਗੜ੍ਹ)-ਪੁਲਿਸ ਚੌਕੀ ਜਾਡਲਾ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਏ. ਐੱਸ. ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਨਹਿਰ ਦੀ ਪਟੜੀ 'ਤੇ ਗਸ਼ਤ ਕਰ ਰਹੀ ਸੀ ਤਾਂ ਇਕ ਵਿਅਕਤੀ ਪੁਲਿਸ ਵਾਹਨ ਨੂੰ ਦੇਖਦੇ ਹੀ ਘਬਰਾ ਗਿਆ | ਉਸ ਨੇ ਤੁਰੰਤ ਆਪਣੇ ਕੋਲੋਂ ਇਕ ਲਿਫਾਫਾ ਸੁੱਟ ਦਿੱਤਾ | ਸ਼ੱਕ ਪੈਣ 'ਤੇ ਪੁਲਿਸ ਪਾਰਟੀ ਨੇ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ | ਜਦੋਂ ਸੁੱਟੇ ਹੋਏ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਨੇ ਆਪਣਾ ਨਾਂਅ ਗੁਰਪ੍ਰੀਤ ਉਰਫ਼ ਮਨੀ ਪੁੱਤਰ ਮੰਗਾ ਰਾਮ ਵਾਸੀ ਲੰਗੜੋਆ ਦੱਸਿਆ | ਏ. ਐੱਸ. ਆਈ. ਸੰਜੀਵ ਕੁਮਾਰ ਨੇ ਕਿਹਾ ਕਿ ਕਥਿਤ ਖ਼ਿਲਾਫ਼ ਐੱਨ. ਡੀ. ਪੀ. ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ |