ਰੱਤੇਵਾਲ/ਕਾਠਗੜ੍ਹ, 21 ਮਈ (ਅਸ਼ੋਕ ਕੁਮਾਰ ਲੀਲ, ਹਰਸਿਮਰਨਜੋਤ ਸਿੰਘ ਕਲੇਰ)-ਰੋਪੜ ਫਗਵਾੜਾ ਨੈਸ਼ਨਲ ਹਾਈਵੇ 'ਤੇ ਕਾਠਗੜ੍ਹ ਮੋੜ ਨਜ਼ਦੀਕ ਗਟਕੇ ਦਾ ਭਰਿਆ ਇਕ ਟਿੱਪਰ ਸਟੇਰਿੰਗ ਲਾਕ ਹੋਣ ਕਾਰਨ ਪਲਟ ਗਿਆ | ਪ੍ਰਾਪਤ ਸੂਚਨਾ ਅਨੁਸਾਰ ਇਕ ਟਿੱਪਰ ਨੰਬਰ ਐਚ. ਆਰ 62ਏ 9044 ਜਿਸ ਨੂੰ ਕੁਲਵਿੰਦਰ ਕੁਮਾਰ ਵਾਸੀ ਹਮੀਰਗੜ੍ਹ ਜ਼ਿਲ੍ਹਾ ਸੰਗਰੂਰ ਚਲਾ ਰਿਹਾ ਸੀ ਜੋ ਕਿ ਰੋਪੜ ਸਾਈਡ ਜਾ ਰਿਹਾ ਸੀ ਜਦੋਂ ਉਹ ਕਾਠਗੜ੍ਹ ਮੋੜ ਨਜ਼ਦੀਕ ਪਹੁੰਚਿਆ ਤਾਂ ਉਸ ਦਾ ਸਟੇਰਿੰਗ ਅਚਾਨਕ ਲਾਕ ਹੋ ਗਿਆ ਅਤੇ ਟਿੱਪਰ ਦਾ ਸੰਤੁਲਨ ਵਿਗੜਨ ਕਾਰਨ ਰੇਲਿੰਗ ਨੂੰ ਤੋੜਦਾ ਹੋਇਆ ਸਰਵਿਸ ਰੋਡ 'ਤੇ ਆ ਪਲਟਿਆ | ਜਿਸ ਦਾ ਸਾਰਾ ਗਟਕਾ ਨਾਲ ਦੀ ਦੁਕਾਨ ਵਿਚ ਜਾ ਭਰਿਆ ਰਾਤ ਹੋਣ ਕਾਰਨ ਦੁਕਾਨਾਂ ਵਿਚ ਕੋਈ ਨਹੀਂ ਸੀ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ | ਹਾਦਸੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ | ਮੌਕੇ 'ਤੇ ਐਸ. ਐਸ. ਐਫ. ਦੀ ਟੀਮ ਵੀ ਪਹੁੰਚ ਗਈ, ਜਿਨ੍ਹਾਂ ਨੇ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਤੇ ਕੰਟਰੋਲ ਰੂਮ ਨੂੰ ਭੇਜ ਦਿੱਤੀ |