28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮਨਰੇਗਾ ਮਜ਼ਦੂਰਾਂ ਤੇ ਗ੍ਰਾਮ ਪੰਚਾਇਤ ਪਿੰਡ ਸੋਇਤਾ ਦੀ ਸਖ਼ਤ ਮਿਹਨਤ ਨਾਲ ਤਿਆਰ ਹੋਇਆ ਮਿੰਨੀ ਜੰਗਲ

Ad Position 21
No active advertisement
ਮਨਰੇਗਾ ਮਜ਼ਦੂਰਾਂ, ਗ੍ਰਾਮ ਪੰਚਾਇਤ ਪਿੰਡ ਸੋਇਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਅਤੇ ਸਖ਼ਤ ਮਿਹਨਤ ਨਾਲ ਤਿਆਰ ਹੋਏ ਮਿੰਨੀ ਜੰਗਲ ਦਾ ਦਿ੍ਸ਼ | ਤਸਵੀਰ : ਸੰਦੀਪ ਮਝੂਰ <br/> 22-05-2026
ਉਸਮਾਨਪੁਰ, 21 ਮਈ (ਸੰਦੀਪ ਮਝੂਰ)-ਅੱਜ ਜਿਥੇ ਅੱਤ ਦੀ ਪੈ ਰਹੀ ਗਰਮੀ ਦਾ ਸਭ ਤੋਂ ਵੱਡਾ ਕਾਰਨ ਗਲੋਬਲ ਵਰਮਿੰਗ ਨੂੰ ਮੰਨਿਆ ਜਾ ਰਿਹਾ ਹੈ | ਉਥੇ ਸਮੇਂ-ਸਮੇਂ 'ਤੇ ਸਮਾਜ ਸੇਵੀ ਸੰਸਥਾਵਾਂ, ਪ੍ਰਸ਼ਾਸਨ ਤੇ ਸਰਕਾਰਾਂ ਵਲੋਂ ਖਾਸ ਮੌਕਿਆਂ 'ਤੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ | ਜਿਸ ਦੇ ਸਾਰਥਕ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ | ਅਜਿਹੀ ਹੀ ਮਿਸਾਲ ਪਿੰਡ ਸੋਇਤਾ ਦੇ ਮਨਰੇਗਾ ਮਜ਼ਦੂਰਾਂ, ਜ਼ਿਲ੍ਹਾ ਪ੍ਰਸ਼ਾਸਨ ਤੇ ਪਿੰਡ ਦੀ ਪੰਚਾਇਤ ਦੀ ਮਿਹਨਤ ਅਤੇ ਸਾਂਝੇ ਯਤਨਾਂ ਸਦਕਾ ਦੇਖਣ ਨੂੰ ਮਿਲੀ ਹੈ | ਜਿਥੇ ਪਿੰਡ ਦੇ ਖੇਡ ਸਟੇਡੀਅਮ ਨੇੜੇ ਇਕ ਮਿੰਨੀ ਜੰਗਲ ਤਿਆਰ ਹੋ ਚੁੱਕਾ ਹੈ | ਇਥੇ ਜ਼ਿਕਰਯੋਗ ਹੈ ਕਿ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸੰਬੰਧੀ ਮਨਰੇਗਾ ਅਧੀਨ ਬਲਾਕ ਨਵਾਂਸ਼ਹਿਰ ਦੇ ਹਰ ਪਿੰਡ ਵਿਚ ਸਰਕਾਰ ਵਲੋਂ 550 ਬੂਟੇ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ | ਜਿਸ ਦੇ ਅਧੀਨ ਪਿੰਡ ਸੋਇਤਾ ਵਿਖੇ ਮਨਰੇਗਾ ਮਜ਼ਦੂਰਾਂ ਅਤੇ ਗ੍ਰਾਮ ਪੰਚਾਇਤ ਪਿੰਡ ਸੋਇਤਾ ਵਲੋਂ ਉਕਤ ਸਥਾਨ 'ਤੇ 550 ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ ਸਨ, ਜਿਨ੍ਹਾਂ ਨੇ ਅੱਜ ਮਿੰਨੀ ਜੰਗਲ ਦਾ ਰੂਪ ਧਾਰ ਲਿਆ ਹੈ | ਜੋ ਜ਼ਿਲ੍ਹੇ ਦੇ ਬਾਕੀ ਪਿੰਡਾਂ ਲਈ ਮਿਸਾਲ ਹੈ | ਪਿੰਡ ਦੇ ਪਤਵੰਤੇ ਤੇ ਮਨਰੇਗਾ ਮਜ਼ਦੂਰ ਦੱਸਦੇ ਹਨ ਕਿ ਗ੍ਰਾਮ ਪੰਚਾਇਤ ਵਲੋਂ ਬੂਟੇ ਲਗਾਉਣ ਲਈ ਉਕਤ ਥਾਂ ਦੀ ਚੋਣ ਕਰਨਾ ਵਧੀਆ ਉਪਰਾਲਾ ਸੀ ਕਿਉਂਕਿ ਇਥੇ ਬੂਟਿਆਂ ਨੂੰ ਪਾਣੀ ਲਗਾਉਣਾ, ਦੇਖਭਾਲ ਕਰਨਾ ਸੌਖਾਲਾ ਕੰਮ ਰਿਹਾ | ਮਨਰੇਗਾ ਅਧੀਨ ਇਥੇ 550 ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ | ਮਨਰੇਗਾ ਮਜ਼ਦੂਰਾਂ ਦਾ ਕਹਿਣਾ ਹੈ ਕਿ ਮਿੰਨੀ ਜੰਗਲ ਵਿਚ ਜਿਹੜੇ ਬੂਟੇ ਬੇਸਹਾਰਾ ਪਸ਼ੂਆਂ ਵਲੋਂ ਨੁਕਸਾਨੇ ਗਏ ਹਨ | ਉਨ੍ਹਾਂ ਦੀ ਜਗ੍ਹਾ ਕੁਝ ਹੋਰ ਬੂਟੇ ਲਗਾਏ ਜਾ ਰਹੇ ਹਨ | ਇਸ ਤੋਂ ਇਲਾਵਾ ਸਟੇਡੀਅਮ ਦੇ ਆਲੇ ਦੁਆਲੇ ਵੀ ਬੂਟੇ ਲਗਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਬੂਟੇ ਬੱਚਿਆਂ ਵਾਂਗ ਪਾਲ਼ੇ ਗਏ ਹਨ | ਅੱਜ ਉਕਤ ਮਿੰਨੀ ਜੰਗਲ ਲੋਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਇਸ ਦੇ ਆਲੇ ਦੁਆਲੇ ਕੰਡਿਆਲੀ ਤਾਰ ਲੱਗ ਜਾਵੇ ਤਾਂ ਮਿੰਨੀ ਜੰਗਲ ਬੇਸਹਾਰਾ ਜਾਨਵਰਾਂ ਤੋਂ ਵੀ ਬਚਿਆ ਰਹੇਗਾ | ਇਸ ਸੰਬੰਧੀ ਪਿੰਡ ਦੇ ਪਤਵੰਤੇ ਸੱਜਣਾਂ ਦਾ ਕਹਿਣਾ ਹੈ ਕਿ ਜੇਕਰ ਹਰੇਕ ਪਿੰਡ ਇਸ ਤਰ੍ਹਾਂ ਸਖ਼ਤ ਮਿਹਨਤ ਕਰਕੇ ਮਿੰਨੀ ਜੰਗਲ ਤਿਆਰ ਕਰ ਲਵੇ ਤਾਂ ਅਸੀਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਵਿਚ ਆਪਣਾ ਬਣਦਾ ਯੋਗਦਾਨ ਦੇ ਸਕਦੇ ਹਾਂ |
Ad Position 22
No active advertisement
ਪਿਛਲੀ ਖ਼ਬਰ ਗੁਰਸਾਹਿਬ ਸਿੰਘ ਪ੍ਰਧਾਨ ਤੇ ਗੁਰਜੀਤ ਸਿੰਘ ਦਾਣਾ ਮੰਡੀ ਅਟਾਰੀ ਦੇ ਮੀਤ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਵੱਖ-ਵੱਖ ਪਿੰਡਾਂ ਦੀਆਂ ਖਸਤਾ ਹਾਲ ਲਿੰਕ ਸੜਕਾਂ ਤੋਂ ਵਾਹਨ ਚਾਲਕ ਤੇ ਰਾਹਗੀਰ ਹੋ ਰਹੇ ਪ੍ਰੇਸ਼ਾਨ
Ad Position 24