ਕਾਠਗੜ੍ਹ, 21 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੀਆਂ ਖਸਤਾ ਹਾਲ ਲਿੰਕ ਸੜਕਾਂ ਤੋਂ ਵਾਹਨ ਚਾਲਕ ਅਤੇ ਰਾਹਗੀਰ ਕਾਫੀ ਪ੍ਰੇਸ਼ਾਨੀ 'ਚੋਂ ਗੁਜਰ ਰਹੇ ਹਨ ਜਦਕਿ ਸੂਬੇ ਵਿਚ 'ਆਪ' ਸਰਕਾਰ ਦੇ ਕਾਰਜਕਾਲ ਦਾ ਸਮਾਂ ਵੀ ਕਰੀਬ ਨੇੜੇ ਆਉਂਦਾ ਜਾ ਰਿਹਾ ਹੈ | ਜਾਣਕਾਰੀ ਮੁਤਾਬਿਕ ਹਲਕੇ ਦੇ ਪਿੰਡ ਰਾਏਪੁਰ ਨੰਗਲ ਤੋਂ ਮੁੱਖ ਮੇਨ ਹਾਈਵੇ, ਬੇਲਾ ਤਾਜੋਵਾਲ, ਰੈਲਮਾਜਰਾ, ਜੀਓਵਾਲ-ਬਛੂਆਂ, ਭਰਥਲਾ ਬੇਟ ਤੋਂ ਮੰਡ ਖੇਤਰ, ਜਗਤੇਵਾਲ-ਭਰਥਲਾ, ਕਾਠਗੜ੍ਹ-ਜਗਤੇਵਾਲ, ਬਾਗੋਵਾਲ-ਜਗਤੇਵਾਲ, ਮਾਣੇਵਾਲ ਤੋਂ ਹਾਈਵੇ ਮਾਰਗ ਆਦਿ ਕਈ ਖਸਤਾ ਹਾਲ ਲਿੰਕ ਸੜਕਾਂ ਅਜਿਹੀਆਂ ਹਨ ਜੋ ਲੰਬੇ ਸਮੇਂ ਤੋਂ ਮੁਰੰਮਤ ਨੂੰ ਤਰਸ ਰਹੀਆਂ ਹਨ | ਇਨ੍ਹਾਂ ਖਸਤਾਹਾਲ ਸੜਕਾਂ ਦਾ ਗਟਕਾ ਤੱਕ ਨਿਕਲ ਚੁੱਕਿਆ ਹੈ ਤੇ ਕਈ ਥਾਂ ਡੂੰਘੇ ਖੱਡੇ ਬਣੇ ਹੋਏ ਹਨ, ਜਿਨ੍ਹਾਂ 'ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਜਿਥੇ ਹਾਦਸਿਆਂ ਦਾ ਡਰ ਰਹਿੰਦਾ ਹੈ ਉੱਥੇ ਹੀ ਉਨ੍ਹਾਂ ਦੇ ਵਾਹਨ ਵੀ ਖਸਤਾ ਹੋ ਰਹੇ ਹਨ | ਰਾਤ ਸਮੇਂ ਚੱਲਣ ਵਾਲੇ ਦੋਪਹੀਆ ਵਾਹਨ ਚਾਲਕਾਂ ਨੂੰ ਖੱਡਿਆਂ ਕਾਰਨ ਸੱਟਾਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਪੈਦਲ ਜਾਂਦੇ ਰਾਹਗੀਰ ਇਸ ਗੱਲੋਂ ਡਰਦੇ ਰਹਿੰਦੇ ਹਨ ਕਿ ਕਿਧਰੇ ਖੱਡਿਆਂ ਤੋਂ ਬਚਦੇ ਵਾਹਨ ਉਨ੍ਹਾਂ ਨੂੰ ਫੇਟ ਹੀ ਨਾ ਮਾਰ ਜਾਣ | ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸੂਬੇ ਵਿਚ 'ਆਪ' ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ ਪਰ ਅਜੇ ਤੱਕ ਵੀ ਖਸਤਾਹਾਲ ਸੜਕਾਂ ਦੀ ਰਿਪੇਅਰ ਨਹੀਂ ਹੋਈ | ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਸਰਕਾਰ ਤੇ ਸੰਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਖਸਤਾ ਹਾਲ ਸੜਕਾਂ ਦੀ ਮੁਰੰਮਤ ਨੂੰ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇ |