ਕਾਠਗੜ੍ਹ , 22 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਪਿੰਡ ਆਸਰੋਂ ਸਥਿਤ ਡੇਰਾ ਬਾਬਾ ਬਦਲੀਸ਼ੇਰ ਵਿਖੇ ਨਤਮਸਤਕ ਹੋਏ ਅਤੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਸਤਪਾਲ ਸਿੰਘ ਨਾਲ ਮੁਲਾਕਾਤ ਕੀਤੀ | ਇਸ ਮੌਕੇ ਚੇਅਰਮੈਨ ਗੜ੍ਹੀ ਨੇ ਕਿਹਾ ਕਿ ਧਾਰਮਿਕ ਸਥਾਨ ਹਮੇਸ਼ਾ ਸਮਾਜ ਨੂੰ ਸਹੀ ਦਿਸ਼ਾ ਦਿੰਦੇ ਹਨ ਅਤੇ ਲੋਕਾਂ ਨੂੰ ਆਪਸੀ ਭਾਈਚਾਰੇ ਤੇ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੰਦੇ ਹਨ | ਉਨ੍ਹਾਂ ਡੇਰਾ ਬਾਬਾ ਬਦਲੀਸ਼ੇਰ ਵਲੋਂ ਸਿੱਖਿਆ, ਸਿਹਤ ਤੇ ਨਸ਼ਾ ਮੁਕਤੀ ਲਈ ਚਲਾਏ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਉਹ ਇਸ ਡੇਰੇ 'ਤੇ ਛੋਟੇ ਉਮਰ ਵਿਚ ਵੀ ਆਉਂਦੇ ਸੀ ਅਤੇ ਉਹ 25 ਸਾਲ ਬਾਅਦ ਇੱਥੇ ਮੱਥਾ ਟੇਕਣ ਲਈ ਆਏ ਹਨ | ਬਾਬਾ ਸਤਪਾਲ ਸਿੰਘ ਨੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਡੇਰੇ ਵਲੋਂ ਚਲਾਏ ਜਾ ਰਹੇ ਵੱਖ-ਵੱਖ ਲੋਕ ਭਲਾਈ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ | ਚੇਅਰਮੈਨ ਗੜ੍ਹੀ ਨੇ ਭਰੋਸਾ ਦਿੱਤਾ ਕਿ ਜੋ ਕੰਮ ਉਨ੍ਹਾਂ ਵਲੋਂ ਦੱਸੇ ਗਏ ਹਨ, ਉਹ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਸਰਪੰਚ ਜਸਵੀਰ ਸਿੰਘ ਔਲੀਆ, ਪਰਮਿੰਦਰ ਬੇਰਕਾ, ਪਰਮਿੰਦਰ ਭਾਟੀਆ, ਚਮਨ ਲਾਲ, ਤੂਰ, ਡੇਰੇ ਦੇ ਸੇਵਾਦਾਰਾਂ, ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤ ਹਾਜ਼ਰ ਸਨ |