ਬਲਾਚੌਰ, 23 ਮਈ (ਦੀਦਾਰ ਸਿੰਘ ਬਲਾਚੌਰੀਆ)-ਇਮਾਨਦਾਰੀ ਜ਼ਿੰਦਾ ਹੈ, ਜਿਸ ਦੀ ਮਿਸਾਲ ਸੁਖਵਿੰਦਰ ਕੁਮਾਰ ਵਿੰਦਰ ਮੱਖੂਪੁਰ ਨੇ ਮੋਬਾਈਲ ਫ਼ੋਨ ਮਾਲਕ ਦੇ ਸਪੁਰਦ ਕਰਕੇ ਦਿਖਾਈ | ਭੂੰਬਲਾ ਟੀ ਸਟਾਲ ਦੇ ਮਾਲਕ ਸੁਖਵਿੰਦਰ ਕੁਮਾਰ ਵਿੰਦਰ ਨੇ ਦੱਸਿਆ ਕਿ ਉਸ ਦੀ ਮਾਤਾ ਬੀਬੀ ਸ਼ੈਂਕਰੋ ਦੇਵੀ ਪਤਨੀ ਸਵਰਗਵਾਸੀ ਚੌਧਰੀ ਦੌਲਤ ਰਾਮ ਮੱਖੂਪੁਰ ਵਾਲੇ ਹਾਲ ਨਿਵਾਸੀ ਸਿਆਣਾ ਤਹਿਸੀਲ ਬਲਾਚੌਰ ਕਿਸੇ ਕੰਮ ਨਵਾਂਸ਼ਹਿਰ ਗਏ ਸਨ ਤਾਂ ਬੱਸ ਅੱਡੇ ਦੇ ਸੀਮੈਂਟ ਬੈਂਚ 'ਤੇ ਇਕ ਮੋਬਾਈਲ ਫ਼ੋਨ ਪਿਆ ਸੀ ਤਾਂ ਮਾਤਾ ਬੀਬੀ ਸ਼ੈਂਕਰੋ ਦੇਵੀ ਨੇ ਕਾਫ਼ੀ ਇੰਤਜ਼ਾਰ ਕੀਤਾ ਕਿ ਜੇਕਰ ਮੋਬਾਈਲ ਦਾ ਮਾਲਕ ਫ਼ੋਨ ਲੱਭਦਾ ਆਵੇਗਾ ਤਾਂ ਉਸ ਦੇ ਹਵਾਲੇ ਕਰ ਦੇਵੇਗੀ ਪਰ ਕਾਫ਼ੀ ਸਮਾਂ ਕੋਈ ਨਹੀਂ ਆਇਆ ਤਾਂ ਬਲਾਚੌਰ ਆ ਕੇ ਮਾਤਾ ਨੇ ਉਸ ਨੂੰ ਫ਼ੋਨ ਦੇ ਕੇ ਆਖਿਆ ਕਿ ਜੇਕਰ ਅਸਲੀ ਮਾਲਕ ਦਾ ਪਤਾ ਲੱਗੇ ਤਾਂ ਵਾਪਸ ਕਰ ਦੇਣਾ, ਕਾਫ਼ੀ ਸਮੇਂ ਬਾਅਦ ਅਸਲ ਮਾਲਕ ਦਾ ਪਤਾ ਚੱਲਿਆ ਤਾਂ ਬਲਾਚੌਰ ਵਿਖੇ ਫ਼ੋਨ ਮਾਲਕ ਦੇ ਸਪੁਰਦ ਕਰ ਦਿੱਤਾ | ਫ਼ੋਨ ਪ੍ਰਾਪਤ ਕਰਦਿਆਂ ਦਲਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੀਰਪੁਰ ਲੱਖਾਂ ਨੇ ਦੱਸਿਆ ਕਿ ਉਸ ਦੀ ਮਾਤਾ ਦਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਦਿਲਾਵਰ ਪੁਰ ਵਿਖੇ ਧਾਰਮਿਕ ਅਸਥਾਨ 'ਤੇ ਮੱਥਾ ਟੇਕ ਕੇ ਜਦੋ ਨਵਾਂਸ਼ਹਿਰ ਤੋਂ ਕਾਹਲੀ-ਕਾਹਲੀ ਬੱਸ ਚੜ੍ਹੀ ਤਾਂ ਫ਼ੋਨ ਬੱਸ ਅੱਡੇ ਦੇ ਬੈਂਚ 'ਤੇ ਹੀ ਰਹਿ ਗਿਆ ਸੀ | ਦਲਜੀਤ ਨੇ ਦੱਸਿਆ ਉਹ ਲੋਕਾਂ ਦੇ ਘਰਾਂ ਵਿਚ ਰੰਗ ਰੋਗਨ ਕਰਨ ਦਾ ਕੰਮ ਕਰਦਾ ਹੈ | ਉਸ ਨੇ ਸੁਖਵਿੰਦਰ ਉਰਫ਼ ਵਿੰਦਰ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮਸਾਂ ਪੈਸੇ ਜੋੜ-ਜੋੜ ਕੇ ਮੇਰੀ ਮਾਤਾ ਨੇ ਸੈਮਸੰਗ ਦਾ ਫ਼ੋਨ ਲਿਆ ਸੀ |