ਬਹਿਰਾਮ-ਮਹਾਨ ਤਪੱਸਵੀ ਸੰਤ ਬਾਬਾ ਖੁਸ਼ੀ ਰਾਮ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਚਪਨ ਤੋਂ ਹੀ ਪ੍ਰਭੂ ਭਗਤੀ 'ਚ ਲੀਨ ਰਹਿੰਦੇ ਸਨ | ਸੰਤ ਜੀ ਸੰਗਤਾਂ ਨੂੰ ਵੰਡ ਛਕਣ, ਦਸਾਂ ਨਹੂੰਆਂ ਦੀ ਕਿਰਤ ਕਰਨ, ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਅਤੇ ਓਸ ਮਾਲਕ ਦੀ ਭਗਤੀ ਕਰਨ ਲਈ ਉਪਦੇਸ਼ ਦਿੰਦੇ ਸਨ | ਕੁਝ ਸਮਾਂ ਉਹ ਉਕਤ ਡੇਰੇ ਵਿਚ ਭਗਤੀ ਅਤੇ ਸੇਵਾ ਕਰਨ ਤੋਂ ਬਾਅਦ ਡੇਰਾ ਬਾਬਾ ਰੋਟੀ ਰਾਮ ਮਹਾਰਾਜ ਪਿੰਡ ਕਾਂਟੇ ਹਿਮਾਚਲ ਪ੍ਰਦੇਸ਼ 'ਚ ਵੀ ਗੁਰੂ ਦੇ ਹੁਕਮ ਅਨੁਸਾਰ ਸਾਧ-ਸੰਗਤ ਦੀ ਸੇਵਾ ਕਰਨ ਚਲੇ ਗਏ | ਭਰੋਮਜਾਰਾ ਸੰਗਤਾਂ ਦੀ ਸ਼ਰਧਾ ਨੂੰ ਮਹਿਸੂਸ ਕਰਦੇ ਹੋਏ ਮਹਾਰਾਜ ਜੀ ਭਰੋਮਜਾਰਾ ਵਿਖੇ ਸੰਗਤਾਂ ਦੀ ਸੇਵਾ 'ਚ ਆ ਕੇ ਜੁਟ ਗਏ | ਉਨ੍ਹਾਂ ਦੇ ਦੱਸੇ ਨਕਸ਼ੇ ਕਦਮਾਂ 'ਤੇ ਡੇਰੇ ਵਲੋਂ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਭਰੋਮਜਾਰਾ ਚਲਾਇਆ ਜਾ ਰਿਹਾ ਹੈ ਜਿਥੋਂ ਬੱਚੇ ਵਧੀਆ ਸਿੱਖਿਆ ਹਾਸਿਲ ਕਰਕੇ ਆਪਣਾ ਭਵਿੱਖ ਸੰਵਾਰ ਰਹੇ ਹਨ | ਜ਼ਿਕਰਯੋਗ ਹੈ ਕਿ ਬਾਬਾ ਖੁਸ਼ੀ ਰਾਮ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ 24 ਮਈ 1988 ਨੂੰ ਭਰੋਮਜਾਰਾ ਵਿਖੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਉਸ ਮਾਲਕ ਦੇ ਚਰਨਾਂ ਵਿਚ ਜਾ ਬਿਰਾਜੇ | ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਤੇ ਡਾ. ਲਛਮਣ ਦਾਸ ਭਰੋਮਜਾਰਾ ਦੀ ਅਗਵਾਈ ਵਿਚ ਉਨ੍ਹਾਂ ਦੀ 38ਵੀਂ ਬਰਸੀ 24 ਮਈ ਨੂੰ ਮਨਾਈ ਜਾ ਰਹੀ ਹੈ | -ਨਛੱਤਰ ਸਿੰਘ ਬਹਿਰਾਮ