ਕਟਾਰੀਆਂ, 24 ਮਈ (ਪ੍ਰੇਮੀ ਸੰਧਵਾਂ)-ਰਾਹਗੀਰਾਂ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਫਰਾਲਾ-ਜੱਸੋਮਜਾਰਾ ਸੜਕ 'ਤੇ ਪਏ ਪੱਥਰ ਨੂੰ ਕਰੀਬ ਛੇ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਤੇ ਉਸ 'ਤੇ ਅੱਜ ਤੱਕ ਪ੍ਰੀਮਿਕਸ ਨਹੀਂ ਪਾਈ ਗਈ ਤੇ ਭਾਰੀ ਵਾਹਨਾਂ ਦੇ ਲੰਘਣ ਕਾਰਨ ਸੜਕ 'ਤੇ ਪਾਇਆ ਪੱਥਰ ਬੁਰੀ ਤਰ੍ਹਾਂ ਨਾਲ ਉਖੜ ਚੁੱਕਾ ਹੈ, ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਦੇ ਆਏ ਦਿਨ ਗੰਭੀਰ ਸੱਟਾਂ ਲੱਗ ਰਹੀਆਂ ਹਨ | ਰਾਹਗੀਰਾਂ ਨੇ ਕਿਹਾ ਕਿ ਅਸੀਂ ਬਹੁਤ ਵਾਰੀ ਸੜਕੀ ਵਿਭਾਗ ਦੇ ਅਧਿਕਾਰੀਆਂ ਨੂੰ ਮੂੰਹ ਜੁਬਾਨੀ ਇਸ ਗੰਭੀਰ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਾਂ ਪਰ ਸਮੱਸਿਆ ਜਿਉਂ ਦੀ ਤਿਉਂ ਰਾਹਗੀਰਾਂ ਦਾ ਖੂਨ ਚੂਸਣ ਲਈ ਮੂੰਹ ਅੱਡੀ ਖੜ੍ਹੀ ਹੈ | ਰਾਹਗੀਰਾਂ ਨੇ ਕਿਹਾ ਜੇਕਰ ਸਰਕਾਰ ਨੇ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਜਲਦ ਸ਼ੁਰੂ ਨਾ ਕੀਤਾ ਤਾਂ ਉਹ ਸਮਾਜ ਸੇਵੀ ਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਲਾਉਣ ਤੋਂ ਗੁਰੇਜ ਨਹੀਂ ਕਰਨਗੇ | ਡਾਇਰੈਕਟਰ ਜਸਵਿੰਦਰ ਸਿੰਘ ਅਟਵਾਲ, ਦੇਵ ਰਾਜ, ਰਵਿੰਦਰ ਸਿੰਘ, ਜਸਵਿੰਦਰ ਸਿੰਘ ਪੱਪੂ, ਜਸਵੀਰ ਸਿੰਘ, ਸੁਖਜਿੰਦਰ ਸਿੰਘ, ਬਿੰਦਰ ਫਰਾਲਾ, ਵੀਰ ਨਿੱਝਰ ਆਦਿ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਉਕਤ ਸੜਕ 'ਤੇ ਪ੍ਰੀਮਿਕਸ ਜਲਦੀ ਪਾਈ ਜਾਵੇ |