ਪਿੰਡ ਨਵਾਂਗਰਾਂ ਦੇ ਹਰਮੇਸ਼ ਸਿੰਘ ਭਾਟੀਆ ਕੰਬੀ ਕੈਨੇਡਾ ਨਹੀਂ ਰਹੇ
ਅਜੀਤ ਡੈਸਕ
25-05-2026
ਪੋਜੇਵਾਲ ਸਰਾਂ, 24 ਮਈ (ਨਵਾਂਗਰਾਈਾ)-ਪਿੰਡ ਨਵਾਂਗਰਾਂ ਦੇ ਵਾਤਾਵਰਣ ਪ੍ਰੇਮੀ, ਸਮਾਜ ਸੇਵੀ ਤੇ ਮਹਾਂਦਾਨੀ ਹਰਮੇਸ਼ ਸਿੰਘ ਭਾਟੀਆ ਕੰਬੀ ਕੈਨੇਡਾ ਸਪੁੱਤਰ ਸਵ: ਮਾਸਟਰ ਤੇਲਾ ਸਿੰਘ ਭਾਟੀਆ ਪਿਛਲੇ ਦਿਨੀਂ ਕੈਨੇਡਾ ਵਿਚ ਥੋੜਾ ਸਮਾਂ ਬਿਮਾਰ ਰਹਿਣ ਪਿੱਛੋਂ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦੀ ਮਿ੍ਤਕ ਦੇਹ ਦਾ ਸਸਕਾਰ 26 ਮਈ ਨੂੰ ਕੈਨੇਡਾ ਵਿਖੇ ਹੀ ਕੀਤਾ ਜਾਵੇਗਾ | ਹਰਮੇਸ਼ ਸਿੰਘ ਹੈਰੀ ਕੰਬੀ ਦਾ ਸਾਰਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਹੀ ਰਹਿ ਰਿਹਾ ਹੈ | ਹਰਮੇਸ਼ ਸਿੰਘ ਭਾਟੀਆ ਕੰਬੀ ਦਾ ਆਪਣੀ ਮਾਂ ਮਿੱਟੀ ਨਾਲ ਬਹੁਤ ਪਿਆਰ ਸੀ ਤੇ ਉਹ ਹਰ ਸਾਲ ਆਪਣੇ ਪਿੰਡ ਜ਼ਰੂਰ ਆਉਂਦੇ ਸਨ | ਹਰਮੇਸ਼ ਸਿੰਘ ਕੰਬੀ ਵਾਤਾਵਰਨ ਪ੍ਰੇਮੀ, ਜੀਵ ਜੰਤੂਆਂ ਨੂੰ ਪਿਆਰ ਕਰਨ ਵਾਲੇ ਸਮਾਜ ਸੇਵੀ ਸਨ | ਉਨ੍ਹਾਂ ਵਲੋਂ ਜੰਗਲੀ ਜਾਨਵਰਾਂ ਤੇ ਜੀਵ ਜੰਤੂਆਂ ਲਈ ਉਨ੍ਹਾਂ ਦੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਕਈ ਥਾਵਾਂ 'ਤੇ ਖੇਲਾਂ ਬਣਾਈਆਂ ਹੋਈਆਂ ਹਨ | ਇਸ ਤੋਂ ਇਲਾਵਾ ਪਿੰਡ ਦੇ ਵਿਕਾਸ ਲਈ ਹਰਮੇਸ਼ ਸਿੰਘ ਕੰਬੀ ਅਤੇ ਉਨ੍ਹਾਂ ਦੇ ਵੱਡੇ ਭਰਾ ਸਵ: ਕੁੰਦਨ ਸਿੰਘ ਭਾਟੀਆ ਦਾ ਬਹੁਤ ਯੋਗਦਾਨ ਰਿਹਾ ਹੈ | ਇਸ ਤੋਂ ਇਲਾਵਾ ਹਰਮੇਸ਼ ਸਿੰਘ ਕੰਬੀ ਇਲਾਕੇ ਦੇ ਧਾਰਮਿਕ ਸਥਾਨਾਂ ਤੇ ਸਕੂਲਾਂ ਲਈ ਵੀ ਸਮੇਂ-ਸਮੇਂ 'ਤੇ ਆਪਣਾ ਯੋਗਦਾਨ ਪਾਉਂਦੇ ਰਹੇ ਹਨ | ਇਸ ਤੋਂ ਇਲਾਵਾ ਉਹ ਹਰ ਵਲੇ ਲੋੜਵੰਦਾਂ ਲਈ ਵੀ ਬਹੁਤ ਕੰਮ ਕਰਦੇ ਸਨ | ਉਨ੍ਹਾਂ ਦੀ ਮੌਤ ਨਾਲ ਖਾਸਕਰ ਪਿੰਡ ਵਾਸੀਆਂ ਤੇ ਇਲਾਕੇ ਦੇ ਲੋਕਾਂ ਨੂੰ ਕਾਫੀ ਘਾਟਾ ਪਿਆ ਹੈ |