ਟੱਪਰੀਆਂ ਖੁਰਦ, 24 ਮਈ (ਬੂਥਗੜ੍ਹੀਆ)-ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫਸਰ ਪੀ. ਐੱਚ. ਸੀ. ਸੜੋਆ ਡਾ. ਜਤਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਚੰਦਿਆਣੀ ਖੁਰਦ ਵਿਖੇ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਲੋਕਾਂ ਨੂੰ ਡੇਂਗੂ ਦੇ ਬਚਾਅ ਤੇ ਲੱਛਣਾਂ ਸੰਬੰਧੀ ਜਾਣਕਾਰੀ ਦਿੱਤੀ ਘਰ-ਘਰ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਤੇ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਟੀਮ ਦੀ ਸੁਪਰਵਾਈਜ਼ਨ ਕਰਦਿਆਂ ਲੋਕਾਂ ਨੂੰ ਡੇਂਗੂ ਦੇ ਬਚਾਅ ਤੇ ਲੱਛਣਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਖੜ੍ਹੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਦਿਨ ਵੇਲੇ ਕੱਟਦਾ ਹੈ | ਡੇਂਗੂ ਬੁਖਾਰ ਦੇ ਲੱਛਣਾਂ ਸੰਬੰਧੀ ਦੱਸਦਿਆਂ ਕਿਹਾ ਕਿ ਇਸ ਵਿਚ ਤੇਜ਼ ਬੁਖਾਰ ਹੋਣਾ, ਸਿਰ ਦਰਦ ਹੋਣਾ, ਜੀਅ ਕੱਚਾ ਹੋਣਾ, ਉਲਟੀਆਂ ਆਉਣੀਆਂ, ਹਾਲਤ ਖਰਾਬ ਹੋਣ 'ਤੇ ਨੱਕ ਤੇ ਮਸੂੜਿਆਂ 'ਚੋਂ ਖੂਨ ਵਗਣਾ ਹੋ ਸਕਦੇ ਹਨ | ਇਸ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਦੇ ਫਰਿਜਾਂ ਦੀਆਂ ਟਰੇਆਂ, ਗਮਲਿਆਂ ਤੇ ਹੋਰ ਪਾਣੀ ਦੇ ਭਰੇ ਭਾਂਡਿਆਂ ਵਿਚ ਖੜ੍ਹੇ ਪਾਣੀ ਨੂੰ ਹਫਤੇ ਵਿਚ ਇਕ ਵਾਰ ਜ਼ਰੂਰ ਸਾਫ ਕਰਕੇ ਸੁਕਾਉਣਾ ਚਾਹੀਦਾ ਹੈ | ਬੁਖਾਰ ਹੋਣ 'ਤੇ ਨੇੜੇ ਦੇ ਸਿਹਤ ਕੇਂਦਰ ਜਾ ਕੇ ਜਾਂਚ ਜ਼ਰੂਰ ਕਰਵਾਓ | ਡੇਂਗੂ ਦਾ ਟੈਸਟ ਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ | ਇਸ ਮੌਕੇ ਸੁਨੀਲ ਕੁਮਾਰ, ਕੁਸ਼ਲਪ੍ਰੀਤ ਕੌਰ ਆਸ਼ਾ ਵਰਕਰਾਂ ਤੇ ਪੇਂਡੂ ਸਿਹਤ ਸਫਾਈ ਸੰਮਤੀ ਦੇ ਮੈਂਬਰ ਹਾਜ਼ਰ ਸਨ |