ਬੰਗਾ, 24 ਮਈ (ਧਰਮਵੀਰ ਪਾਲ)-ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੇ ਪਿ੍ੰਸੀਪਲ ਡਾ. ਰਣਜੀਤ ਸਿੰਘ ਦੀ ਯੋਗ ਅਗਵਾਈ ਅਧੀਨ ਕਾਲਜ ਦੇ ਈਕੋ ਕਲੱਬ ਵਲੋਂ 'ਇਕ ਕਦਮ ਸਾਫ਼ ਵਾਤਾਵਰਨ ਵੱਲ' ਵਿਸ਼ੇ ਅਧੀਨ ਇਕ ਦਿਨ ਦਾ ਵਿਸ਼ੇਸ਼ ਸਫ਼ਾਈ ਕੈਂਪ ਲਗਾਇਆ | ਕੈਂਪ ਦਾ ਮੁੱਖ ਮਕਸਦ ਨੌਜਵਾਨਾਂ ਵਿਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਅਤੇ ਸਫ਼ਾਈ ਪ੍ਰਤੀ ਚੇਤਨਾ ਪੈਦਾ ਕਰਨਾ ਸੀ | ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਪਾਰਕਾਂ, ਸੜਕਾਂ ਦੇ ਕਿਨਾਰਿਆਂ ਤੇ ਆਸ-ਪਾਸ ਦੇ ਖੇਤਰਾਂ ਦੀ ਸਫ਼ਾਈ ਕੀਤੀ ਗਈ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਰਣਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਹੀ ਚੰਗੀ ਸਿਹਤ ਤੇ ਖੁਸ਼ਹਾਲ ਜੀਵਨ ਦੀ ਨੀਂਹ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਘਰਾਂ, ਪਿੰਡਾਂ ਅਤੇ ਸਮਾਜ ਵਿਚ ਵੀ ਸਫ਼ਾਈ ਸੰਬੰਧੀ ਜਾਗਰੂਕਤਾ ਨਾਅਰੇ ਲਗਾ ਕੇ ਲੋਕਾਂ ਨੂੰ ਸਫ਼ਾਈ ਅਤੇ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ | ਕੈਂਪ ਦੌਰਾਨ ਵਿਦਿਆਰਥੀਆਂ ਵਿਚ ਕਾਫ਼ੀ ਜੋਸ਼ ਅਤੇ ਸਮਾਜ ਸੇਵਾ ਦੀ ਭਾਵਨਾ ਦੇਖਣ ਨੂੰ ਮਿਲੀ | ਇਸ ਮੌਕੇ ਈਕੋ ਕਲੱਬ ਦੇ ਮੈਂਬਰ ਡਾ. ਗੁਲਬਹਾਰ ਸਿੰਘ, ਪ੍ਰੋ. ਅਮਨਜੀਤ ਸਿੰਘ, ਪ੍ਰੋ. ਦੀਕਸ਼ਾ ਦੇਵੀ, ਡਾ. ਕੁਲਦੀਪ ਕੌਰ, ਪ੍ਰੋ. ਰਵਿੰਦਰ ਕੌਰ ਤੇ ਵਿਦਿਆਰਥੀ ਸ਼ਾਮਿਲ ਸਨ |