ਟੱਪਰੀਆਂ ਖੁਰਦ, 24 ਮਈ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਸੂਝਵਾਨ ਤੇ ਪੜ੍ਹੇ ਲਿਖੇ ਆਮ ਆਦਮੀ ਪਾਰਟੀ ਦੇ ਇਮਾਨਦਾਰ ਆਗੂ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਚੇਚੀ ਜਲਾਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚਾਰ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਸੂਬੇ ਵਿਚ ਸਿੱਖਿਆ ਤੇ ਸਿਹਤ ਸੇਵਾਵਾਂ ਵਿਚ ਆਈ ਕ੍ਰਾਂਤੀ ਤੋਂ ਬਾਅਦ ਹੁਣ ਬਿਜਲੀ ਸੇਵਾਵਾਂ ਵਿਚ ਵੀ ਕ੍ਰਾਂਤੀ ਆਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਲੋਂ ਹੁਣ ਸੂਬੇ ਵਿਚ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ ਕਰਨ ਅਤੇ ਬਿਜਲੀ ਦੇ ਖੰਭੇ ਹਟਾਉਣ ਦੇ ਰਾਜ ਪੱਧਰੀ ਪ੍ਰਾਜੈਕਟ ਦੇ ਪਾਇਲ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ | ਜਲਾਲਪੁਰ ਨੇ ਕਿਹਾ ਕਿ ਖੇਤਾਂ 'ਚ ਖੰਭੇ ਖ਼ਤਮ ਹੋ ਜਾਣ ਨਾਲ ਪਾਵਰਕਾਮ ਨੂੰ ਵੀ ਹਨੇਰੀ ਝੱਖੜ ਦੇ ਕਾਰਨ ਬਰਸਾਤ ਦੇ ਦਿਨਾਂ ਵਿਚ ਬੂਟਿਆਂ ਨਾਲ ਲੱਗਦੀਆਂ ਤਾਰਾਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਤੇ ਖੇਤਾਂ ਵਿਚ ਕਿਸਾਨਾਂ ਦੀਆਂ ਫ਼ਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ | ਪਿੰਡ ਸਤੌਜ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ਕੀਤੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ 'ਤੇ ਇਸ ਦੀ ਸਮੀਖਿਆ ਕੀਤੀ ਜਾਵੇਗੀ ਤੇ ਬਾਅਦ ਵਿਚ ਇਹ ਹੀ ਪ੍ਰਾਜੈਕਟ ਨੂੰ ਪੂਰੇ ਪੰਜਾਬ ਸੂਬੇ ਵਿਚ ਸ਼ੁਰੂ ਕਰਨ ਬਾਰੇ ਚਰਚਾ ਵੀ ਕੀਤੀ ਜਾਵੇਗੀ |