ਬੰਗਾ, 24 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਬੰਗਾ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਲੇਖ ਰਾਜ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਖੇਤੀ ਖੇਤਰ ਵਿਚ ਪਾਣੀ ਦੇ ਸੰਕਟ ਦੇ ਕਰਕੇ ਵਿਭਿੰਨਤਾ ਤੇ ਸੀ. ਆਰ. ਐੱਮ. ਸਕੀਮ ਤਹਿਤ ਕਣਕ ਦੇ ਨਾੜ ਨੂੰ ਨਾ ਸਾੜਨ ਸੰਬੰਧੀ ਪਿੰਡ ਪਠਲਾਵਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ | ਇਸ ਮੌਕੇ ਡਾ. ਲਛਮਣ ਦਾਸ ਖੇਤੀਬਾੜੀ ਅਫਸਰ ਬੰਗਾ ਨੇ ਦੱਸਿਆ ਕਿ ਪੰਜਾਬ ਵਿਚ ਜ਼ਮੀਨਦੋਜ਼ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ, ਜਿਸ ਕਰਕੇ ਵੱਧ ਪਾਣੀ ਦੀ ਖਪਤ ਵਾਲੀ ਝੋਨੇ ਦੀ ਫਸਲ ਛੱਡ ਕੇ ਮੱਕੀ ਬੀਜਣ 'ਤੇ 5 ਏਕੜ ਤੱਕ 35 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ | ਇਸ ਦੇ ਨਾਲ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ 'ਤੇ ਪ੍ਰਤੀ ਏਕੜ 1500 ਰੁਪਏ ਦਿੱਤੇ ਜਾਣਗੇ | ਝੋਨੇ ਦੀ ਸਿੱਧੀ ਬਿਜਾਈ ਨਾਲ ਪਨੀਰੀ ਤਿਆਰ ਕਰਨਾ, ਲੁਆਈ, ਕੱਦੂ ਦੇ ਖਰਚੇ, ਮਸ਼ੀਨਰੀ ਦੀ ਟੁੱਟ ਭੱਜ ਆਦਿ ਕੰਮ ਖਤਮ ਹੋ ਜਾਂਦੇ ਹਨ | ਡਾ. ਕਮਲਦੀਪ ਸਿੰਘ ਸੰਘਾ ਪ੍ਰਾਜੈਕਟ ਡਾਇਰੈਕਟਰ ਆਤਮਾ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਮਿਸ਼ਨ ਤਹਿਤ ਮਿਲਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਅਤੇ ਜ਼ਹਿਰਾਂ ਮੁਕਤ ਖੇਤੀ ਦਾ ਸੱਦਾ ਦਿੱਤਾ | ਡਾ. ਪਰਮਵੀਰ ਕੌਰ ਨੇ ਆਤਮਾ ਸਕੀਮ ਅਤੇ ਮਿੱਟੀ ਪਰਖ਼ ਬਾਰੇ ਜਾਣਕਾਰੀ ਦਿੱਤੀ | ਸੁਰਿੰਦਰ ਪਾਲ ਸਿੰਘ ਖੇਤੀ ਵਿਸਥਾਰ ਅਫਸਰ ਨੇ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ | ਇਸ ਮੌਕੇ ਵਿਰਕਮ ਸਿੰਘ ਖੇਤੀ ਵਿਸਥਾਰ ਅਫਸਰ ਨੇ ਪੀ. ਐਮ. ਕਿਸਾਨ ਯੋਜਨਾ ਤੇ ਐਗਰੀ ਸਟੈਕ ਕਿਸਾਨ ਆਈ. ਡੀ. ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਸੰਦੀਪ ਗੰਗੜ ਏ. ਟੀ. ਐੱਮ. ਤੋਂ ਇਲਾਵਾ ਪਠਲਾਵਾ ਸਹਿਕਾਰੀ ਸੁਸਾਇਟੀ ਦੇ ਸਕੱਤਰ ਮਨਜੀਤ ਸਿੰਘ ਗੁੱਜਰਪੁਰ ਖੁਰਦ, ਰਮੇਸ਼ ਕੁਮਾਰ, ਤਰਸੇਮ ਸਿੰਘ ਤੰਬੜ ਪ੍ਰਧਾਨ ਸਹਿਕਾਰੀ ਸੁਸਾਇਟੀ ਪਠਲਾਵਾ, ਅਮਰੀਕ ਸਿੰਘ, ਗੁਰਮੀਤ ਕੌਰ, ਅਮਨਦੀਪ ਕੁਮਾਰ, ਜੁਗਿੰਦਰ ਸਿੰਘ, ਸੁਰਜੀਤ ਸਿੰਘ, ਸ਼ਿੰਗਾਰਾ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ |