ਪੋਜੇਵਾਲ ਸਰਾਂ/ਬਲਾਚੌਰ, 25 ਮਈ (ਨਵਾਂਗਰਾਈਾ, ਨਰੇਸ਼ ਧੌਲ)-ਕੇਂਦਰ ਸਰਕਾਰ ਵਲੋਂ ਵਾਰ-ਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਆਮ ਜਨਤਾ 'ਤੇ ਜੋ ਬੋਝ ਪਾਇਆ ਜਾ ਰਿਹਾ ਹੈ ਉਹ ਬਹੁਤ ਹੀ ਮਾੜੀ ਗੱਲ ਹੈ | ਇਸ ਨਾਲ ਗਰੀਬ ਜਨਤਾ ਤੇ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਪ੍ਰਗਟਾਵਾ ਬ੍ਰਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਭਲਾਈ ਬੋਰਡ ਪੰਜਾਬ ਨੇ ਪਿੰਡ ਪੋਜੇਵਾਲ ਵਿਖੇ ਡਿੰਪੀ ਕਟਾਰੀਆ ਦੇ ਗ੍ਰਹਿ ਵਿਖੇ ਗੱਲਬਾਤ ਦੌਰਾਨ ਕਹੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੱਛਮੀ ਬੰਗਾਲ ਤੇ ਹੋਰ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਇਕ ਦਮ ਥੋੜਾ-ਥੋੜਾ ਕਰਕੇ ਰੋਜ਼ਾਨਾ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ ਜੋ ਕਿ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਜਦੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੁੰਦਾ ਹੈ ਉਸ ਨਾਲ ਬਾਕੀ ਸਾਰੀਆਂ ਚੀਜ਼ਾਂ 'ਚ ਮਹਿੰਗਾਈ ਵੀ ਵੱਧ ਜਾਂਦੀ ਹੈ ਜਿਸ ਨਾਲ ਆਮ ਜਨਤਾ ਨੂੰ ਹੀ ਰਗੜਾ ਲੱਗਦਾ ਹੈ | ਉਹਨਾਂ ਕਿਹਾ ਕਿ ਅੱਜ ਇੱਕ ਪਾਸੇ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਦੂਜੇ ਪਾਸੇ ਕਈ ਪੈਟਰੋਲ ਪੰਪਾਂ 'ਤੇ ਲੋਕਾਂ ਨੂੰ ਡੀਜਲ ਨਹੀਂ ਮਿਲ ਰਿਹਾ ਹੈ, ਜਿਸ ਨਾਲ ਕਿਸਾਨ ਵਰਗ ਪ੍ਰੇਸ਼ਾਨ ਹੋ ਰਿਹਾ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਤੁਰੰਤ ਵਾਪਸ ਲੈ ਕੇ ਆਮ ਜਨਤਾ ਨੂੰ ਰਾਹਤ ਦੇਵੇ | ਇਸ ਮੌਕੇ ਡਿੰਪੀ ਕਟਾਰੀਆ ਅਮਰੀਕਾ, ਸੁਦੇਸ ਕੁਮਾਰ ਕਟਾਰੀਆ ਕਾਲਾ, ਪ੍ਰੇਮ ਚੰਦ ਚਾਂਦਪੁਰ ਰੁੜਕੀ, ਕਾਲਾ ਪੋਜੇਵਾਲ, ਪਵਨ ਕੁਮਾਰ ਰੀਠੂ, ਹਰਮੇਸ਼ ਲਾਲ ਕਟਵਾਰਾਂ ਖੁਰਦ ਆਦਿ ਵੀ ਹਾਜ਼ਰ ਸਨ |