26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪੇਂਡੂ ਲਿੰਕ ਸੜਕਾਂ ਦੇ ਬਰਮਾਂ 'ਤੇ ਨਾਜਾਇਜ਼ ਕਬਜ਼ੇ ਹਾਦਸਿਆਂ ਨੂੰ ਸੱਦਾ, ਹਾਈ ਕੋਰਟ ਦੇ ਹੁਕਮ ਵੀ ਬੇਅਸਰ

Ad Position 21
No active advertisement
ਅਜੀਤ ਡੈਸਕ 26-05-2026
ਜਾਡਲਾ, 25 ਮਈ (ਹਰਕੰਵਲ ਸਿੰਘ ਕੌਲਗੜ੍ਹ)-ਪੇਂਡੂ ਖੇਤਰਾਂ ਵਿਚ ਲਿੰਕ ਸੜਕਾਂ ਦੇ ਬਰਮਾਂ 'ਤੇ ਹੋ ਰਹੇ ਨਾਜਾਇਜ਼ ਕਬਜ਼ੇ ਹੁਣ ਗੰਭੀਰ ਸਮੱਸਿਆ ਬਣ ਚੁੱਕੇ ਹਨ | ਵੱਖ-ਵੱਖ ਪਿੰਡਾਂ ਵਿਚ ਸੜਕਾਂ ਦੇ ਕਿਨਾਰਿਆਂ ਵਾਲੀਆਂ ਬਰਮਾਂ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਖੇਤੀਬਾੜੀ ਜ਼ਮੀਨ ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੜਕਾਂ ਦੀ ਚੌੜਾਈ ਲਗਾਤਾਰ ਘਟ ਰਹੀ ਹੈ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਅਤੇ ਸੜਕਾਂ ਨੂੰ ਖੁੱਲ੍ਹਾ ਰੱਖਣ ਲਈ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ, ਪਰ ਜ਼ਮੀਨੀ ਪੱਧਰ 'ਤੇ ਇਨ੍ਹਾਂ ਹੁਕਮਾਂ ਦੀ ਪਾਲਣਾ ਨਜ਼ਰ ਨਹੀਂ ਆ ਰਹੀ | ਸਥਾਨਕ ਵਸਨੀਕਾਂ ਮੁਤਾਬਕ ਪ੍ਰਸ਼ਾਸਨ ਤੇ ਸੰਬੰਧਤ ਮਹਿਕਮਾ, ਖ਼ਾਸ ਕਰਕੇ ਪੰਜਾਬ ਮੰਡੀ ਬੋਰਡ, ਜਿਸ ਦੀ ਜ਼ਿੰਮੇਵਾਰੀ ਜ਼ਿਆਦਾਤਰ ਲਿੰਕ ਸੜਕਾਂ ਦੀ ਹੈ, ਸੜਕਾਂ ਦੀ ਸਾਂਭ-ਸੰਭਾਲ ਵੱਲ ਯੋਗ ਧਿਆਨ ਨਹੀਂ ਦੇ ਰਿਹਾ | ਬਰਮਾਂ 'ਤੇ ਮਿੱਟੀ ਨਾ ਪਾਏ ਜਾਣ ਕਾਰਨ ਸੜਕਾਂ ਦਾ ਬੇਸ ਕਮਜ਼ੋਰ ਹੋ ਰਿਹਾ ਹੈ | ਬਾਰਿਸ਼ਾਂ 'ਚ ਸੜਕਾਂ ਜਲਦੀ ਟੁੱਟ ਜਾਂਦੀਆਂ ਹਨ | ਵਾਹਨ ਚਾਲਕਾਂ ਨੂੰ ਇਕ ਦੂਜੇ ਨੂੰ ਸਾਈਡ ਦੇਣ ਸਮੇਂ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | 17-18 ਫੁੱਟ ਚੌੜੀਆਂ ਸੜਕਾਂ 10-12 ਫੁੱਟ ਦੀਆਂ ਰਹਿ ਗਈਆਂ ਹਨ | ਟਰੈਕਟਰ-ਟਰਾਲੀ, ਬੱਸਾਂ ਤੇ ਸਕੂਲੀ ਵੈਨਾਂ ਦਾ ਲੰਘਣਾ ਔਖਾ ਹੋ ਗਿਆ ਹੈ | ਵੱਡੇ ਵਾਹਨਾਂ ਦੀ ਆਵਾਜਾਈ ਖ਼ਾਸ ਤੌਰ 'ਤੇ ਪ੍ਰਭਾਵਿਤ ਹੋ ਰਹੀ ਹੈ | ਕਿਸਾਨਾਂ ਵਲੋਂ ਬਰਮਾਂ ਦੀ ਉਪਜਾਊ ਮਿੱਟੀ ਖੇਤਾਂ 'ਚ ਰਲਾਉਣ ਤੇ ਕਈ ਥਾਵਾਂ 'ਤੇ ਬਰਮਾਂ 'ਤੇ ਹੀ ਫ਼ਸਲ ਬੀਜ ਦੇਣ ਦਾ ਰੁਝਾਨ ਵਧਿਆ ਹੈ | ਇਸ ਨਾਲ ਸੜਕਾਂ ਦੀ ਅਸਲ ਚੌੜਾਈ ਤਾਂ ਘਟੀ ਹੀ ਹੈ, ਨਾਲ ਹੀ ਸੜਕ ਸੁਰੱਖਿਆ ਵੀ ਖ਼ਤਰੇ ਵਿਚ ਪੈ ਗਈ ਹੈ | ਬੁੱਧੀਜੀਵੀ ਵਰਗ ਦੀ ਮੰਗ ਹੈ ਕਿ ਸੜਕਾਂ ਦੇ ਬਰਮਾਂ ਨੂੰ ਤੁਰੰਤ ਦੁਬਾਰਾ ਤਿਆਰ ਕੀਤਾ ਜਾਵੇ | ਲੋੜ ਮੁਤਾਬਕ ਮਿੱਟੀ ਪਵਾਈ ਜਾਵੇ ਤੇ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ | ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਰਹਿੰਦੇ ਕਦਮ ਨਾ ਚੁੱਕੇ ਗਏ ਤਾਂ ਇਹ ਲਿੰਕ ਸੜਕਾਂ ਹਾਦਸਿਆਂ ਦਾ ਕਾਰਨ ਬਣਦੀਆਂ ਰਹਿਣਗੀਆਂ | ਵਿਕਾਸ ਲਈ ਬਣੀਆਂ ਸੜਕਾਂ ਹੀ ਜੇ ਸੁਰੱਖਿਅਤ ਨਾ ਰਹੀਆਂ ਤਾਂ ਪੇਂਡੂ ਵਿਕਾਸ ਦਾ ਮਕਸਦ ਹੀ ਖ਼ਤਮ ਹੋ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਲਸਾੜਾ ਦੇ ਦੋ ਗੁਰੂ ਘਰਾਂ ਵਲੋਂ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਰੈਣ ਬਸੇਰਾ ਅਗਲੀ ਖ਼ਬਰ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਜਲਦ ਹੀ ਸਨਮਾਨ ਕੀਤਾ ਜਾਵੇਗਾ-ਮਹਿੰਦਰ ਚੰਦ
Ad Position 24