ਨਵਾਂਸ਼ਹਿਰ, 25 ਮਈ (ਹਰਮਿੰਦਰ ਸਿੰਘ ਪਿੰਟੂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਬੰਗਾ ਰੋਡ 'ਤੇ ਸਥਿਤ ਹਜ਼ਰਤ ਪੰਜ ਪੀਰ ਦਰਬਾਰ ਦਾ ਸਾਲਾਨਾ ਜੋੜ ਮੇਲਾ 4, 5 ਜੂਨ ਨੂੰ ਧੂਮ ਧਾਮ ਦੇ ਨਾਲ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ | ਇਸ ਮੌਕੇ ਹਜ਼ਰਤ ਪੰਜ ਪੀਰ ਦਰਬਾਰ ਦੇ ਗੱਦੀਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦੱਸਿਆ ਕਿ 4 ਜੂਨ ਸ਼ਾਮ ਨੂੰ ਚਿਰਾਗ਼ ਰੌਸ਼ਨ ਕੀਤੇ ਜਾਣਗੇ ਤੇ ਕਵਾਲਿਆਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਜਿਸ ਵਿਚ ਬੰਟੀ ਕਵਾਲ, ਰਾਝਣ ਅਲੀ, ਇਸ਼ਰਤ ਅਲੀ ਵਲੋਂ ਕਵਾਲੀਆਂ ਪੇਸ਼ ਕੀਤੀਆਂ ਜਾਣਗੀਆਂ | ਇਸੇ ਤਰ੍ਹਾਂ 5 ਜੂਨ ਨੂੰ ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਜਾਵੇਗੀ ਤੇ ਨਾਲ ਹੀ ਚਾਦਰ ਦੀ ਰਸਮ ਵੀ ਹੋਵੇਗੀ ਅਤੇ ਮੇਲੇ ਵਿਚ ਪੰਜਾਬ ਦੇ ਮਸ਼ਹੂਰ ਕਵਾਲ ਹਾਜ਼ਰੀ ਦੇਣਗੇ, ਜਿਨ੍ਹਾਂ ਵਿਚ ਗਾਇਕ ਮਹੇਸ਼ ਸਾਜਨ, ਇੰਟਰਨੈਸ਼ਨਲ ਕਵਾਲ ਸਰਦਾਰ ਅਲੀ, ਸਨਾ ਫਤਿਹ ਅਲੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਇਸ ਮੌਕੇ 'ਤੇ ਮੁੱਖ ਮਹਿਮਾਨ ਸਾਬਕਾ ਡੀ. ਜੀ. ਪੀ. ਪੰਜਾਬ ਸੰਜੀਵ ਕਾਲੜਾ ਸ਼ਿਰਕਤ ਕਰਨਗੇ | ਸੰਗਤਾਂ ਨੂੰ ਆਸ਼ਰੀਵਾਦ ਦੇਣ ਲਈ ਵੱਖ-ਵੱਖ ਡੇਰਿਆਂ ਤੋਂ ਫੱਕਰ ਫਕੀਰ ਸ਼ਿਰਕਤ ਕਰਨਗੇ | ਮੇਲੇ ਦੇ ਦੋਨੋ ਦਿਨ ਲੰਗਰ ਅਤੁੱਟ ਵਰਤਾਇਆ ਜਾਵੇਗਾ |