ਬਲਾਚੌਰ, 25 ਮਈ (ਨਰੇਸ਼ ਧੌਲ)-ਸੋਸ਼ਲ ਮੀਡੀਆ 'ਤੇ ਪੰਜਾਬ ਸਰਕਾਰ ਵਲੋਂ ਕੁੱਤਿਆਂ ਨੂੰ ਮਾਰਨ ਦੀਆਂ ਚੱਲ ਰਹੀਆਂ ਪੋਸਟਾਂ ਸੰਬੰਧੀ ਬਾਬਾ ਪ੍ਰੇਮ ਸਿੰਘ ਸੰਚਾਲਕ ਗੁਰਦੁਆਰਾ ਪ੍ਰਭੂ ਨਿਵਾਸ ਕਸਬਾ ਭੱਦੀ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸਾਰੇ ਕੁੱਤਿਆਂ ਨੂੰ ਅਣਆਈ ਮੌਤ ਮਾਰਨਾ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਜੇਕਰ ਇਤਿਹਾਸ ਫੋਲਿਆ ਜਾਵੇ ਤਾਂ ਕੁੱਤੇ ਨੂੰ ਵਫ਼ਾਦਾਰ ਤੇ ਦਰਵੇਸ਼ ਤੱਕ ਵੀ ਆਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਕੁੱਝ ਕੁੱਤੇ ਖ਼ੰੂਖ਼ਾਰ ਤੇ ਹਲਕੇ ਹੋਏ ਹੁੰਦੇ ਹਨ ਜੋ ਬੱਚਿਆਂ ਬਜ਼ੁਰਗਾਂ ਅਤੇ ਹੋਰ ਜੀਵਾਂ ਨੂੰ ਨੁਕਸਾਨ ਪਹੁੰਚਾ ਕੇ ਆਪਣਾ ਸ਼ਿਕਾਰ ਬਣਾਉਂਦੇ ਹਨ, ਉਨ੍ਹਾਂ ਸੰਬੰਧੀ ਯੋਗ ਸਖ਼ਤ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਣਾ ਚਾਹੀਦਾ ਹੈ ਨਾ ਕਿ ਸਾਰੇ ਕੁੱਤਿਆਂ ਨੂੰ ਮੌਤ ਦੇ ਘਾਟ ਉਤਾਰਨ ਦੀ ਗੱਲ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਸ਼ੂ ਵਿਭਾਗ ਦੇ ਡਾਕਟਰਾਂ ਦੀ ਸਹਾਇਤਾ ਨਾਲ ਕੁੱਤਿਆਂ ਦੀ ਪੈਦਾਵਾਰ ਵਿਚ ਕਮੀ ਲਿਆਉਣ ਜਿਹੇ ਤਰੀਕੇ ਅਪਣਾ ਕੇ ਇਸ ਸਮੱਸਿਆ ਦੇ ਬਹੁ ਗਿਣਤੀ ਹੱਲ ਕੱਢਣ ਵਿਚ ਪਹਿਲਕਦਮੀ ਕਰਨੀ ਚਾਹੀਦੀ ਹੈ | ਇਸ ਨਾਲ ਆਉਣ ਵਾਲੇ ਦੋ ਤਿੰਨ ਸਾਲਾਂ ਵਿਚ ਚੰਗੇ ਸੁਧਾਰ ਵੇਖਣ ਨੂੰ ਮਿਲ ਸਕਦੇ ਹਨ | ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਕੁੱਤਿਆਂ ਲਈ ਸ਼ੈਲਟਰ ਬਣਾਉਣੇ ਚਾਹੀਦੇ ਹਨ, ਜਿਥੇ ਆਵਾਰਾ ਕੁੱਤਿਆਂ ਨੂੰ ਕਾਬੂ ਕਰਕੇ ਡੱਕਿਆ ਜਾ ਸਕਦਾ ਹੈ |