ਭੰਗਾਲਾ, 28 ਮਈ (ਬਲਵਿੰਦਰਜੀਤ ਸਿੰਘ ਸੈਣੀ)-ਕੇਂਦਰ ਸਰਕਾਰ ਵਲੋਂ ਪੈਟਰੋਲ, ਡੀਜ਼ਲ ਤੇ ਰਸੋਈ ਗੈੱਸ ਦੀਆਂ ਵਧਾਈਆਂ ਗਈਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਗਿਆ ਹੈ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤਰਸੇਮ ਮਿਨਹਾਸ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਹਿਲਾਂ ਦੀ ਅੱਤ ਦੀ ਮਹਿੰਗਾਈ 'ਚ ਆਮ ਲੋਕਾਂ ਨੂੰ ਦੋ ਸਮੇਂ ਦੀ ਰੋਟੀ ਖਾਣਾ ਵੀ ਔਖਾ ਹੋਇਆ ਪਿਆ ਹੈ ਉਥੇ ਹੁਣ ਲਗਾਤਾਰ ਵਧ ਰਹੀਆਂ ਤੇਲ ਕੀਮਤਾਂ ਨੇ ਗ਼ਰੀਬ ਤਬਕੇ ਦਾ ਜਿਊਣਾ ਔਖਾ ਕਰਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਜੇਕਰ ਇਸੇ ਤਰ੍ਹਾਂ ਤੇਲ ਕੀਮਤਾਂ ਤੇ ਰਸੋਈ ਗੈੱਸ ਦੀਆਂ ਕੀਮਤਾਂ ਵਧਦੀਆਂ ਰਹੀਆਂ ਤਾਂ ਆਉਣ ਵਾਲੇ ਸਮੇਂ 'ਚ ਜੀਵਨ ਜਿਊਣਾ ਹੋਰ ਮੁਸ਼ਕਿਲ ਜਾਵੇਗਾ | ਉਨ੍ਹਾਂ ਕਿਹਾ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਬਾਕੀ ਵਸਤੂਆਂ ਦੀਆਂ ਕੀਮਤਾਂ ਆਪਣੇ ਆਪ ਵਧ ਜਾਂਦੀਆਂ ਹਨ, ਜਿਸ ਦਾ ਅਸਰ ਸਿੱਧਾ ਆਮ ਲੋਕਾਂ ਦੀ ਜੇਬ 'ਤੇ ਪਵੇਗਾ | ਉਨ੍ਹਾਂ ਕਿਹਾ ਆਏ ਦਿਨ ਗ਼ਰੀਬ ਹੋਰ ਗ਼ਰੀਬ ਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ | ਤਰਸੇਮ ਮਿਨਹਾਸ ਨੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਤੇਲ ਤੇ ਰਸੋਈ ਗੈੱਸ ਦੀਆਂ ਵਧਦੀਆਂ ਕੀਮਤਾਂ 'ਤੇ ਕੰਟਰੋਲ ਕਰਨਾ ਸਮੇਂ ਦੀ ਮੁੱਖ ਲੋੜ ਹੈ |