ਬੀਣੇਵਾਲ, 28 ਮਈ (ਬੈਜ ਚੌਧਰੀ)-ਸ਼੍ਰੋਮਣੀ ਅਕਾਲੀ ਦਲ ਸਰਕਲ ਬੀਤ ਦੇ ਪ੍ਰਧਾਨ ਤੇ ਸਿੱਖ ਕਥਾਵਾਚਕ ਭਾਈ ਜਗਦੇਵ ਸਿੰਘ ਮਾਨਸੋਵਾਲ ਨੇ ਪੰਜਾਬ ਸਰਕਾਰ ਵਲੋਂ ਜਲਦਬਾਜ਼ੀ 'ਚ ਪਾਸ ਕੀਤੇ ਜਾਗਤਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸੰਬੰਧੀ ਕਿਹਾ ਕਿ ਪੰਥ ਦੀ ਸਰਬਉੱਚ ਸ਼ਕਤੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਪੰਜਾਬ ਸਰਕਾਰ ਨੂੰ ਇਸ ਐਕਟ ਸੰਬੰਧੀ ਇਤਰਾਜ਼ਯੋਗ ਮੱਦਾਂ ਨੂੰ ਹਟਾਉਣ ਲਈ ਕਿਹਾ ਗਿਆ ਸੀ, ਪਰ ਪੰਜਾਬ ਸਰਕਾਰ ਵਲੋਂ ਅਜੇ ਤਕ ਹੰਕਾਰੀ ਤੇ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ | ਇਸ ਐਕਟ 'ਚ ਸੁੱਖ ਆਸਣ ਅਸਥਾਨ ਲਈ ਸਟੋਰ ਸ਼ਬਦ ਦੀ ਵਰਤੋਂ ਗੈਰ ਵਾਜਬ ਹੈ | ਇਸ ਤੋਂ ਇਲਾਵਾ ਕਸਟੋਡੀਅਨ ਸੰਬੰਧੀ ਧਾਰਾਵਾਂ, ਪ੍ਰਕਾਸ਼ਿਤ ਬੀੜਾਂ ਦੀ ਜਾਣਕਾਰੀ ਜਨਤਕ ਕਰਨ ਤੇ ਸਰੂਪਾਂ ਦੇ ਨੰਬਰ ਲਾਉਣ ਵਰਗੀਆਂ ਮੱਦਾਂ ਨਾਲ ਸਿੱਖ ਪੰਥ ਬਿਲਕੁਲ ਸਹਿਮਤ ਨਹੀਂ ਹੈ | ਜਥੇਦਾਰ ਮਾਨਸੋਵਾਲ ਨੇ ਕਿਹਾ ਕਿ ਕਾਨੂੰਨ ਬੇਅਦਬੀਆਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਭ ਸੰਭਾਲ ਕਰਨ ਵਾਲਿਆਂ 'ਤੇ ਜ਼ਿਆਦਾ ਸ਼ਰਤਾਂ ਲਗਾਉਂਦਾ ਹੈ | ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰੰਥੀ ਸਿੰਘਾਂ ਤੇ ਗੁਰਦੁਆਰਾ ਕਮੇਟੀਆਂ ਨੂੰ ਕਾਨੂੰਨੀ ਦਾਇਰੇ 'ਚ ਦੋਸ਼ੀਆਂ ਵਾਂਗ ਬੰਨਿ੍ਹਆ ਗਿਆ ਹੈ, ਜੋ ਕਿ ਸਿੱਖ ਮਾਮਲਿਆਂ 'ਚ ਸਿੱਧੀ ਸਰਕਾਰੀ ਦਖ਼ਲਅੰਦਾਜ਼ੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਐਕਟ 'ਚ ਇਤਰਾਜ਼ਯੋਗ ਮੱਦਾਂ ਨੂੰ ਤੁਰੰਤ ਹਟਾ ਕੇ ਪੰਥ ਦੀ ਸਰਬਉੱਚ ਸ਼ਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਨੂੰ ਮੰਨੇ |