ਰਾਹੋਂ, 30 ਮਈ (ਉਂਕਾਰ ਸਿੰਘ ਰਾਠੋਰ)-ਰਾਹੋਂ ਪੁਲਿਸ ਵਲੋਂ ਬੀਤੇ ਕੱਲ੍ਹ 30 ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਐਸ. ਐਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਪੁਲਿਸ ਪਾਰਟੀ ਜਦੋਂ ਗਸ਼ਤ ਕਰਦੀ ਹੋਈ ਰਾਹੋਂ ਤੋਂ ਘੱਕੇਵਾਲ ਰੋਡ ਹੁੰਦੇ ਹੋਏ ਗੁਰੂ ਨਾਨਕਪੁਰਾ ਸਾਈਡ ਨੂੰ ਜਾ ਰਹੀ ਸੀ ਜਦੋਂ ਪੁਲਿਸ ਨੇ ਰੇਲਵੇ ਫਾਟਕ ਕਰਾਸ ਕੀਤਾ ਤਾਂ ਉੱਥੇ ਖੱਬੇ ਪਾਸੇ ਝਾੜੀਆਂ ਵੱਲ ਇਕ ਨੌਜਵਾਨ ਸ਼ੱਕੀ ਹਾਲਤ 'ਚ ਆਉਂਦਾ ਦਿਖਾਈ ਦਿੱਤਾ ਸ਼ੱਕ ਦੇ ਆਧਾਰ 'ਤੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਪੁਲਿਸ ਪਾਰਟੀ ਵਲੋਂ ਉਸ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ | ਥਾਣਾ ਮੁਖੀ ਨੇ ਆਖਿਆ ਕਿ ਨੌਜਵਾਨ ਨੂੰ ਗਿ੍ਫਤਾਰ ਕਰ ਲਿਆ ਹੈ ਤੇ ਉਸ ਦੀ ਪਹਿਚਾਣ ਸੁਨੀਲ ਪੁੱਤਰ ਬੈਜ ਨਾਥ, ਸਲੋਹ ਵਾਸੀ ਥਾਣਾ ਨਵਾਂਸ਼ਹਿਰ ਵਜੋਂ ਹੋਈ ਹੈ | ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ | ਇਸ ਮੌਕੇ ਐਸ. ਐਚ. ਓ. ਵਰਿੰਦਰ ਕੁਮਾਰ ਨਾਲ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ |